ਬੀਰਬਲ ਰਿਸ਼ੀ
ਸ਼ੇਰਪੁਰ, 14 ਸਤੰਬਰ
‘ਪਿੰਡ ਬਚਾਓ, ਪੰਜਾਬ ਬਚਾਓ’ ਪੰਜਾਬ ਵੱਲੋਂ ਖੇਤੀ ਆਰਡੀਨੈਂਸ ਮਾਮਲੇ ’ਤੇ ਵਿਧਾਨ ਸਭਾ ’ਚ ਪਾਏ ਮਤੇ ਦੀ ਤਰਜ਼ ’ਤੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵਿੱਚ ਉਸੇ ਮਤੇ ਦੀ ਤਾਈਦ ਕੀਤੇ ਜਾਣ ਸਬੰਧੀ ਲੋਕ ਚੇਤਨਾ ਦਾ ਆਗਾਜ਼ ਅੱਜ ਬਲਾਕ ਸ਼ੇਰਪੁਰ ਦੇ ਪਿੰਡ ਕਾਲਾਬੂਲਾ ਤੋਂ ਕੀਤਾ ਗਿਆ। ਇਸ ਮੌਕੇ ਇਕੱਤਰ ਪਿੰਡ ਦੇ ਵੱਡੀ ਗਿਣਤੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ‘ਪਿੰਡ ਬਚਾਓ, ਪੰਜਾਬ ਬਚਾਓ ਪੰਜਾਬ’ ਦੇ ਸੂਬਾਈ ਆਗੂ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦਾ ਸਿੱਧਾ ਪ੍ਰਭਾਵ ਕਿਸਾਨੀ ਦੇ ਨਾਲ-ਨਾਲ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਸ਼ੈੱਲਰ ਮਾਲਕਾਂ ਸਮੇਤ ਹਰ ਵਰਗ ’ਤੇ ਬਹੁਤ ਗਹਿਰਾ ਪਵੇਗਾ। ਉਨ੍ਹਾਂ ਕਿਹਾ ਕਿ ਮਹਿਜ਼ ਪੰਜਾਬ ਤੇ ਹਰਿਆਣਾ ਵਿੱਚ ਇਸ ਮਾਮਲੇ ’ਤੇ ਵਿਰੋਧ ਨਾਲ ਕੁਝ ਪੱਲੇ ਪੈਣ ਦੀ ਸੰਭਾਵਨਾ ਨਹੀਂ ਜਿਸ ਕਰਕੇ ਜਿੱਡਾ ਵੱਡਾ ਇਹ ਹਮਲਾ ਹੈ ਉਸਨੂੰ ਰੋਕੇ ਜਾਣ ਲਈ ਭਾਰਤ ਭਰ ਦੇ ਸਾਰੇ ਸੂਬਿਆਂ ਤੱਕ ਇਸ ਮੁਹਿੰਮ ਲਿਜਾਣ ਲਈ ‘ਸੰਘੀ ਢਾਂਚੇ’ ਅਤੇ ਦੇਸ਼ ਭਰ ਅੰਦਰ ਲਹਿਰ ਬਣਾਈ ਜਾ ਸਕਦੀ ਹੈ। ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ, ਤਰਲੋਚਨ ਸਿੰਘ ਸੂਲਰ ਘਰਾਟ, ਪਰਮਜੀਤ ਸਿੰਘ ਬੱਗਾ ਨੇ ਕਿਹਾ ਕਿ ਅੱਜ ਦਾ ਗ੍ਰਾਮ ਸਭਾ ਦਾ ਇਜ਼ਲਾਸ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਮੰਡੀਕਰਨ, ਕੰਟਰੈਕਟ ਫਾਰਮਿੰਗ, ਜ਼ਰੂਰੀ ਵਸਤਾਂ ਸਬੰਧੀ ਆਰਡੀਨੈਂਸ, ਬਿਜਲੀ ਸੋਧ- 2020 ਨੂੰ ਦੇਸ਼ ਦੇ ਸੰਘੀ ਢਾਂਚੇ ਦੇ ਖ਼ਿਲਾਫ਼, ਫਸਲਾਂ ਦੇ ਸਮਰਥਨ ਮੁੱਲ ਤੋਂ ਹੱਥ ਖਿੱਚਣ ਵਾਲੇ ਅਤੇ ਖੇਤੀ ਤੇ ਬਿਜਲੀ ਖੇਤਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਾਲੇ ਹਨ। ਇਸ ਲਈ ਅੱਜ ਦੇ ਲੋਕਾਂ ਦਾ ਇਕੱਠ ਇਨ੍ਹਾਂ ਨੂੰ ਰੱਦ ਕਰਦਾ ਹੋਇਆ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਅਜਿਹੇ ਲੋਕ ਵਿਰੋਧੀ ਫੈਸਲੇ ਤੁਰੰਤ ਵਾਪਸ ਲਏ ਜਾਣ।