ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜਨਵਰੀ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਚਿਰਸਥਾਈ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਮੁੱਖ ਮੰਤਰੀ ਵੱਲੋਂ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਦੀ ਅਗਵਾਈ ਵਿਚ ਵੱਖ-ਵੱਖ ਸਕੀਮਾਂ ਦੀ ਸ਼ੁਰੂਆਤ ਲਈ ਕਰਵਾਏ ਗਏ ਵਰਚੂਅਲ ਪ੍ਰੋਗਰਾਮ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਿੱਸਾ ਲੈਣ ਮੌਕੇ ਕੀਤਾ। ਇਸ ਮੌਕੇ ਸਿੰਗਲਾ ਵਲੋਂ ਜ਼ਿਲ੍ਹੇ ’ਚ ਧੀਆਂ ਦੀ ਲੋਹੜੀ ਮਨਾਉਣ ਦੀ ਰਸਮੀ ਸ਼ੁਰੂਆਤ ਕਰਦਿਆਂ ਬੱਚੀਆਂ ਸਮੇਤ ਪੁੱਜੀਆਂ ਮਾਵਾਂ ਨੂੰ ਤੋਹਫ਼ੇ ਦਿੰਦਿਆਂ ਸਨਮਾਨਤ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੂਰ-ਅੰਦੇਸ਼ੀ ਸੋਚ ਹੈ ਜਿਸ ਸਦਕਾ ਅੱਜ ਪੰਜਾਬ ਨੇ ਇਨ੍ਹਾਂ ਲੋੜਵੰਦ ਲੋਕਾਂ ਨੂੰ ਵੀ ਆਪਣੇ ਘਰਾਂ ਦੀ ਜ਼ਮੀਨ ਦੇ ਮਾਲਕ ਬਣਾਇਆ ਹੈ।ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅੱਜ ਕਾਂਗਰਸ ਸਰਕਾਰ ਨੇ ਸੂਬਾ ਵਾਸੀਆਂ ਲਈ ਪੰਜ ਨਵੀਂਆਂ ਸਕੀਮਾਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਵਿਚ ਝੁੱਗੀਆਂ ਵਾਲੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਦੇ ਨਾਲ-ਨਾਲ ਸਮਾਰਟ ਮੀਟਰ ਲਾਂਚ, ਧੀਆਂ ਦੀ ਲੋਹੜੀ ਮਨਾਉਣ ਦੀ ਸੂਬਾ ਪੱਧਰੀ ਸ਼ੁਰੂਆਤ, ਈ-ਦਾਖ਼ਲ ਪੋਰਟਲ ਦੀ ਸ਼ੁਰੂਆਤ ਅਤੇ ਨੌਜਵਾਨਾਂ ਨੂੰ ਖੇਡ ਕਿਟਾਂ ਵੰਡਣ ਦੀ ਸ਼ੁਰੂਆਤ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਚੇਅਰਮੈਨ ਰਾਜਿੰਦਰ ਸਿੰਘ ਰਾਜਾ, ਚੇਅਰਪਰਸਨ ਜਸਵੀਰ ਕੌਰ, ਮਹੇਸ਼ ਕੁਮਾਰ ਮੇਸ਼ੀ, ਅਨਿਲ ਘੀਚਾ, ਨਰੇਸ਼ ਗਾਬਾ ਆਦਿ ਹਾਜ਼ਰ ਸਨ।