ਮੇਜਰ ਸਿੰਘ ਮੱਟਰਾਂ
ਭਵਾਨੀਗੜ, 26 ਜੁਲਾਈ
ਇੱਥੋਂ ਨੇੜਲੇ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਵਿੱਚੋਂ ਕੱਢੇ ਜਾ ਰਹੇ ਦਿੱਲੀ-ਕੱਟੜਾ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਤੋਂ ਲਈ ਜਾ ਰਹੀ ਜ਼ਮੀਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਵੱਲੋਂ ਸੰੰਘਰਸ਼ ਜਾਰੀ ਹੈ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਖ਼ਿਲਾਫ਼ ਪਿੰਡ ਖੇੜੀ ਚੰਦਵਾਂ ਦੀ ਹੱਦ ’ਤੇ ਦੋ ਹਫਤੇ ਪਹਿਲਾਂ ਸ਼ੁਰੂ ਕੀਤਾ ਦਿਨ ਰਾਤ ਦਾ ਪੱਕਾ ਧਰਨਾ ਜਾਰੀ ਹੈ। ਪ੍ਰਦੀਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਐਡਵੋਕੇਟ ਹਰਵਿੰਦਰ ਸਿੰਘ ਦੁੱਲਟ, ਧਰਮਿੰਦਰ ਸਿੰਘ ਸਾਬਕਾ ਸਰਪੰਚ ਸੰਤੋਖਪੁਰਾ,ਪ੍ਰਿਤਪਾਲ ਸਿੰਘ ਜਲਾਣ ਇਕਾਈ ਪ੍ਰਧਾਨ,ਗਿਆਨ ਸਿੰਘ ਨਦਾਮਪੁਰ ਨੇ ਦੱਸਿਆ ਕਿ ਦਿੱਲੀ ਕੱਟੜਾ ਸੜਕ ਅਥਾਰਟੀ ਤੇ ਪ੍ਰਸ਼ਾਸਨ ਪਹਿਲਾਂ ਕਿਸਾਨਾਂ ਤੋਂ 20 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਐਕਵਾਇਰ ਕਰ ਰਿਹਾ ਸੀ, ਜਿਸ ਖ਼ਿਲਾਫ਼ ਕਿਸਾਨਾਂ ਨੇ ਲੰਬਾ ਸੰਘਰਸ਼ ਕਰਕੇ 74 ਲੱਖ ਰੁਪਏ ਪ੍ਰਤੀ ਏਕੜ ਦੀ ਮੰਗ ਮਨਵਾ ਲਈ ਪਰ ਸੰਤੋਖਪੁਰਾ,ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਪਿੰਡਾਂ ਦੀ ਜ਼ਮੀਨ ਪੁਰਾਣੇ ਰੇਟ ’ਤੇ ਹੀ ਐਕਵਾਇਰ ਕੀਤੀ ਜਾ ਰਹੀ ਹੈ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜ਼ਮੀਨ ਦਾ ਪੂਰਾ ਰੇਟ ਹਾਸਲ ਕੀਤੇ ਬਿਨਾਂ ਉਹ ਆਪਣੀਆਂ ਜ਼ਮੀਨਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ।