ਪੱਤਰ ਪ੍ਰੇਰਕ
ਚੀਮਾ ਮੰਡੀ, 3 ਜਨਵਰੀ
ਸੰਗਰੂਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਅੱਜ ਚੀਮਾ ਮੰਡੀ 7 ਲੱਖ 51 ਹਜ਼ਾਰ ਦੀ ਰਾਸ਼ੀ ਵਾਲੇ 17 ਸੀਸੀਟੀਵੀ ਕੈਮਰਿਆਂ ਦੇ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਸਬੇ ਵਿੱਚ ਇਹ ਕੈਮਰੇ ਮੁੱਖ ਬਾਜ਼ਾਰ, ਸਟੇਟ ਹਾਈਵੇਅ ਮੁੱਖ ਚੌਕ, ਜਖੇਪਲ ਰੋਡ, ਤੋਲਾਵਾਲ ਟੀ ਪੁਆਇੰਟ, ਝਾੜੋਂ ਰੋਡ ਤੇ ਸ਼ੇਰੋਂ ਰੋਡ ਉਪਰ ਇਹ ਕੈਮਰੇ ਲੱਗਣਗੇ ਤੇ ਇਸ ਸਬੰਧੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ ਤੇ ਪੁਲੀਸ ਵੱਲੋਂ ਇਹ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਕੈਮਰੇ ਲਗਾਉਣ ਦੀ ਸ਼ੁਰੂਆਤ ਧੂਰੀ ਤੋਂ ਕੀਤੀ ਸੀ, ਜਿੱਥੇ ਇਹ ਸਕੀਮ ਕਾਮਯਾਬ ਹੋ ਜਾਣ ਤੋਂ ਬਾਅਦ ਹੋਰ ਸ਼ਹਿਰਾਂ ਵਿੱਚ ਵੀ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾ ਵਾਸਤੇ ਹੈ ਇਸ ਕਰਕੇ ਸਾਨੂੰ ਇਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੌਵੀ ਘੰਟੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਹਨ। ਇਸ ਮੌਕੇ ਹਲਕਾ ਵਿਧਾਇਕ ਅਮਨ ਅਰੋੜਾ, ਜ਼ਿਲ੍ਹਾ ਪੁਲੀਸ ਮੁਖੀ ਡਾ. ਸਵਪਨ ਸ਼ਰਮਾ, ਐੱਸਪੀ ਕਰਨਵੀਰ ਸਿੰਘ, ਡੀਐੱਸਪੀ ਸੁਖਰਾਜ ਸਿੰਘ, ਥਾਣਾ ਚੀਮਾ ਦੇ ਮੁਖੀ ਸੰਦੀਪ ਸਿੰਘ ਕਾਲੇਕੇ, ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਮਨਪ੍ਰੀਤ ਬਾਂਸਲ, ਮਨਪ੍ਰੀਤ ਸਿੰਘ ਚੀਮਾ, ਕੁਲਦੀਪ ਚੀਮਾ, ਨੀਟਾ ਸਿੰਘ, ਦਰਸ਼ਨ ਸਿੰਘ, ਨਿਰਭੈ ਸਿੰਘ ਮਾਨ, ਗੁਰਿੰਦਰ ਗਰੇਵਾਲ ਵੀ ਹਾਜ਼ਰ ਸਨ।