ਖੇਤਰੀ ਪ੍ਰਤੀਨਿਧ
ਧੂਰੀ, 17 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਬਦਲਾਅ ਦੀ ਆੜ ਹੇਠ ‘ਬਦਲੇ’ ਦੀ ਰਾਜਨੀਤੀ ਕਰ ਰਹੀ ਹੈ। ਪੰਜਾਬ ਵਿੱਚ ਕਤਲੋਗਾਰਦ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਅੱਜ ਪੰਜਾਬ ਦੇ ਲੋਕ ‘ਆਪ’ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਹੀ ‘ਆਪ’ ਦੇ ਸਿਆਸੀ ਖਾਤਮੇ ਦਾ ਮੁੱਢ ਬੰਨ੍ਹਣਗੇ। ਹੁਣ ‘ਆਪ’ ਸਰਕਾਰ ਦੀਆਂ ਝੂਠੀਆਂ ਗਾਰੰਟੀਆਂ ਦਾ ਲੋਕਾਂ ਸਾਹਮਣੇ ਪਰਦਾਫ਼ਾਸ਼ ਹੋ ਚੁੱਕਾ ਹੈ। ਲੋਕ ਸਚਾਈ ਤੋਂ ਜਾਣੂ ਹੋ ਚੁੱਕੇ ਹਨ ਅਤੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ‘ਠੱਗੇ ਠੱਗੇ’ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਭਗਵੰਤ ਮਾਨ ’ਤੇ ਤਨਜ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਜਿੱਤਣ ਤੋਂ ਬਾਅਦ ਹਲਕੇ ਅਤੇ ਹਲਕੇ ਦੇ ਲੋਕਾ ਨੂੰ ਵਿਸਾਰ ਚੁੱਕੇ ਹਨ। ਉਨ੍ਹਾਂ ਭਾਜਪਾ ਉਮੀਦਵਾਰ ਵੱਲੋਂ ਸੰਗਰੂਰ ਹਲਕੇ ਵਿੱਚ ਏਅਰਪੋਰਟ ਲਿਆਉਣ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਗੱਲਾਂ ਜ਼ਮੀਨੀ ਹਕੀਕਤ ਤੋਂ ਦੂਰ ਹਨ ਅਤੇ ਅੱਜ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਦਿੱਤਾ ਤਾਂ ਉਹ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਪਾਰਲੀਮੈਂਟ ਵਿੱਚ ਉਠਾਉਣਗੇ। ਉਨ੍ਹਾਂ ਸੰਸਦ ਮੈਂਬਰ ਬਣਨ ’ਤੇ ਹਲਕੇ ਦੇ ਲੋਕਾਂ ਲਈ ਵੱਡੇ ਪ੍ਰਾਜੈਕਟ ਅਤੇ ਸਕੀਮਾਂ ਲਿਆਉਣ ਦੀ ਗੱਲ ਆਖੀ।