ਪੱਤਰ ਪ੍ਰੇਰਕ
ਦਿੜਬਾ ਮੰਡੀ, 20 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਾਨ ਨੂੰ ਅਕਾਲੀ-ਬਸਪਾ ਗੱਠਜੋੜ ਵੱਲੋਂ ਹਲਕਾ ਸੁਨਾਮ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਹਲਕਾ ਦਿੜਬਾ ਵਿੱਚ ਬਲਦੇਵ ਮਾਨ ਦੇ ਕਰੀਬ ਅਕਾਲੀ ਆਗੂਆਂ ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿੰਡ ਖਾਨਪੁਰ ਫਕੀਰਾਂ ਵਿੱਚ ਇੱਕ ਮੀਟਿੰਗ ਦੌਰਾਨ ਸੀਨੀਅਰ ਅਕਾਲੀ ਆਗੂ ਤੇ ਪਿੰਡ ਦੇ ਸਾਬਕਾ ਸਰਪੰਚ ਨਾਜਰ ਸਿੰਘ ਤੇ ਸੁਖਦੇਵ ਸਿੰਘ ਚੱਠਾ ਮੈਂਬਰ ਬਲਾਕ ਸਮਿਤੀ ਨੇ ਅਕਾਲੀ ਬਸਪਾ ਦੇ ਵਰਕਰਾਂ ਨੂੰ ਹੁਣ ਤੋਂ ਹੀ ਸੁਨਾਮ ਹਲਕੇ ਵਿੱਚ ਚੋਣਾਂ ਦੀਆਂ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਿੜਬਾ ਅਤੇ ਸੁਨਾਮ ਹਲਕੇ ਦੇ ਅਕਾਲੀ-ਬਸਪਾ ਆਗੂ ਤੇ ਵਰਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਾਰਟੀ ਦੀ ਮੂਹਰਲੀ ਕਤਾਰ ਦੇ ਨੇਤਾ ਬਲਦੇਵ ਸਿੰਘ ਮਾਨ ਨੂੰ ਪਾਰਟੀ ਦੀ ਟਿਕਟ ਨਾਲ ਨਿਵਾਜਿਆ ਹੈ। ਇਸ ਮੌਕੇ ਆਗੂਆਂ ਵੱਲੋਂ ਵਰਕਰਾਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਹਨੀ, ਸਾਬਕਾ ਸਪੰਰਚ ਮਰਦਖੇੜਾ, ਸਾਬਕਾ ਸਰਪੰਚ ਕਰਨੈਲ ਸਿੰਘ ਸਮੂਰਾਂ, ਕ੍ਰਿਪਾਲ ਸਿੰਘ ਲਾਡਬੰਨਜਾਰਾ ਸਾਬਕਾ, ਜਥੇਦਾਰ ਮਹਿੰਦਰ ਸਿੰਘ ਖਡਿਆਲ, ਸੁਰਜੀਤ ਸਿੰਘ ਬਰਨਾਲਾ ਦਿੜਬਾ, ਅਜੈਬ ਸਿੰਘ ਫੌਜੀ ਮੌੜਾਂ, ਹਰਜਿੰਦਰ ਸਿੰਘ ਢੰਡੋਲਕਲਾਂ ਯੂਥ ਆਗੂ ਹੈਪੀ ਖਡਿਆਲ, ਅਜੈਬ ਸਿੰਘ ਨਾਗਰੀ ਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਬਿਜਲਪੁਰ ਆਦਿ ਹਾਜ਼ਰ ਸਨ।
ਲਹਿਰਾਗਾਗਾ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਦਾ ਸਵਾਗਤ
ਲਹਿਰਾਗਾਗਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਉਮੀਦਵਾਰ ਐਲਾਨਣ ਮਗਰੋਂ ਇਥੇ ਪਹੁੰਚਣ ’ਤੇ ਉਨ੍ਹਾਂ ਦਾ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਗੋਬਿੰਦ ਸਿੰਘ ਲੌਂਗੋਵਾਲ ਨੇ ਪਾਰਟੀ ਹਾਈ ਕਮਾਂਡ ਦਾ ਲਹਿਰਾਗਾਗਾ ਤੋਂ ਟਿਕਟ ਦਿੱਤੇ ਜਾਣ ਅਤੇ ਇੱਥੋਂ ਦੇ ਮੌਜੂਦਾ ਵਿਧਾਇਕ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੱਤ ਪਾਲ ਸਿੰਗਲਾ, ਕੌਂਸਲਰ ਕਪਲਾਸ਼ ਤਾਇਲ ਅਤੇ ਆਸ਼ੂ ਜਿੰਦਲ ਸਣੇ ਹੋਰ ਆਗੂ ਹਾਜ਼ਰ ਸਨ।