ਨਿਜੀ ਪੱਤਰ ਪ੍ਰੇਰਕ
ਸੰਗਰੂਰ, 11 ਦਸੰਬਰ
ਦਿੱਲੀ ਦੇ ਬਾਰਡਰ ਤੇ ਆਪਣੇ ਹੱਕਾਂ ਤੇ ਕਾਲੇ ਕਾਨੂੰਨਾਂ ਖ਼ਿਲਾਫ਼ ਪੱਕੇ ਮੋਰਚੇ ਲਗਾਈ ਬੈਠੇ ਸੰਘਰਸ਼ੀਲ ਕਿਸਾਨਾਂ ਲਈ ਸਿੱਖ ਪੰਥ ਦੇ ਉੱਘੇ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਗੁਰਪ੍ਰਕਾਸ ਖੇੜੀ ਵਾਲਿਆਂ ਵੱਲੋਂ ਰਾਸ਼ਨ ਤੇ ਹੋਰ ਲੋੜੀਂਦੀਆਂ ਰਸਦਾਂ ਦਿੱਲੀ ਲਈ ਆਪਣੇ ਜਥੇ ਸਮੇਤ ਰਵਾਨਾ ਕੀਤੀਆਂ। ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਦੇ ਸਥਾਨ ਤੋਂ ਵੱਡੀ ਗਿਣਤੀ ’ਚ ਕੰਬਲ, ਪਾਣੀ ਦੀਆਂ ਪੇਟੀਆਂ, ਖਾਣ ਵਾਲਾ ਸਾਮਾਨ ਤੇ ਨਿੱਤ ਵਰਤੋਂ ਵਾਲੀਆਂ ਵਸਤਾਂ ਭੇਜੀਆਂ ਗਈਆਂ ਹਨ। ਬਾਬਾ ਜੀ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਨ ਕਿਉਂਕਿ ਕਿਸਾਨ ਸਾਡੇ ਮੁਲਕ ਦਾ ਅੰਨਦਾਤਾ ਹੈ ਅਤੇ ਕਿਸਾਨਾਂ ਤੋਂ ਬਿਨਾਂ ਮੁਲਕ ਦਾ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਇਸ ਸੰਘਰਸ਼ ਨੂੰ ਮੱਦੇਨਜਰ ਰੱਖਦੇ ਹੋਏ ਬਿਨਾਂ ਕਿਸੇ ਦੇਰੀ ਤੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਬਾਬਾ ਦਲੇਰ ਸਿੰਘ ਖਾਲਸਾ ਨੇ ਦਿੱਲੀ ਵਿੱਚ ਠੰਢ ਵਿੱਚ ਬੈਠੈ ਕਿਸਾਨਾਂ ਦੇ ਏਕੇ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਇਸ ਏਕਤਾ ਨੇ ਇਸ ਸੰਘਰਸ਼ ਨੂੰ ਇਕ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸੰਘਰਸ਼ ਲੰਮਾ ਚਲਿਆ ਤਾਂ ਗੁਰਦੁਆਰਾ ਸਾਹਿਬ ਤੋਂ ਹੋਰ ਰਸਦਾਂ ਭੇਜੀਆਂ ਜਾਣਗੀਆਂ।
ਇਸ ਮੌਕੇ ਭਾਈ ਦਵਿੰਦਰ ਸਿੰਘ ਫੌਜੀ, ਬਲਜੀਤ ਸਿੰਘ, ਮਨਜੀਤ ਸਿੰਘ, ਪਰਗਟ ਸਿੰਘ, ਜਲਵਿੰਦਰ ਸਿੰਘ, ਸੁਖਦੇਵ ਸਿੰਘ ਮੱਤੀ, ਦਰਸਨ ਸਿੰਘ, ਹਰਮਨ ਸਿੰਘ, ਪਰਬਤ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।