ਮੁਕੰਦ ਸਿੰਘ ਚੀਮਾ
ਸੰਦੌੜ, 16 ਜਨਵਰੀ
ਲੋਕਾਂ ਤੋਂ ਅਖੰਡ ਪਾਠ ਦੇ ਨਾਮ ’ਤੇ ਪੈਸੇ ਭਰਵਾ ਕੇ ਨੌਂ ਗੁਣਾ ਵਾਪਸ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਗੁਰਮੇਲ ਸਿੰਘ ਦੇ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਪਿੰਡ ਦੇ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ ਨੇ ਬਾਬੇ ਵੱਲੋਂ ਇਕੱਤਰ ਕੀਤੀ ਰਕਮ ਬਾਰੇ ਵੱਡਾ ਖੁਲਾਸਾ ਕੀਤਾ ਹੈ ਜਦਕਿ ਬਾਬਾ ਗੁਰਮੇਲ ਸਿੰਘ ਪ੍ਰਬੰਧਕੀ ਕਮੇਟੀ ’ਤੇ ਹੀ ਪੈਸੇ ਖੁਰਦ-ਬੁਰਦ ਕਰਨ ਦਾ ਦੋਸ਼ ਲਗਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿੰਡ ਕੁਠਾਲਾ ਦੇ ਗੁਰਦੁਆਰੇ ਵਿਖੇ ਅਖੰਡ ਪਾਠਾਂ ਦੀ ਇਕੋਤਰੀ ਸ਼ੁਰੂ ਕਰਨ ਦੇ ਨਾਮ ’ਤੇ ਇੱਕ ਸਕੀਮ ਸ਼ੁਰੂ ਕੀਤੀ ਗਈ, ਜਿਸ ਵਿੱਚ ਬਾਬਾ ਗੁਰਮੇਲ ਸਿੰਘ ਵੱਲੋਂ ਲੋਕਾਂ ਤੋਂ ਪੈਸੇ ਭਰਵਾ ਕੇ ਨੌਂ ਗੁਣਾ ਵਾਪਸ ਕਰਨ ਦਾ ਦਾਅਵਾ ਕੀਤਾ ਗਿਆ ਸੀ। ਬਾਬੇ ਨੇ ਪਹਿਲਾਂ 3 ਹਜ਼ਾਰ ਰੁਪਏ ਵਾਲੀ ਸਕੀਮ ਸ਼ੁਰੂ ਕੀਤੀ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਪੈਸੇ ਲਗਾ ਦਿੱਤੇ। ਮਗਰੋਂ ਬਾਬੇ ਨੇ 30 ਹਜ਼ਾਰ ਅਤੇ ਫਿਰ 3 ਲੱਖ ਰੁਪਏ ਵਾਲੀ ਸਕੀਮ ਸ਼ੁਰੂ ਕਰ ਦਿੱਤੀ। ਇਸ ਸਕੀਮ ਵਿੱਚ ਪੈਸੇ ਲਗਵਾਉਣ ਵਾਲੇ ਲੋਕਾਂ ਕੋਲੋਂ ਘੋਸ਼ਣਾ ਪੱਤਰ ਲਿਆ ਜਾਂਦਾ ਸੀ, ਜਿਸ ਵਿੱਚ ਪੈਸੇ ਲਗਾਉਣ ਵਾਲਾ ਵਿਅਕਤੀ ਆਪਣੀ ਮਰਜ਼ੀ ਨਾਲ ਪੈਸੇ ਗੁਰੂ ਘਰ ਨੂੰ ਦਾਨ ਵਜੋਂ ਦੇਣ ਲਈ ਲਿਖ ਕੇ ਦਿੰਦਾ ਸੀ ਅਤੇ ਦਿੱਤੇ ਪੈਸੇ ਮੁੜ ਪ੍ਰਬੰਧਕਾਂ ਪਾਸੋਂ ਨਾ ਮੰਗਣ ਸਬੰਧੀ ਵੀ ਲਿਖਿਆ ਹੋੋਇਆ ਸੀ। ਲੋਕਾਂ ਦੇ ਪੈਸੇ ਇਕੱਠੇ ਕਰ ਕੇ ਬਾਬਾ ਪਿਛਲੇ ਕਈ ਮਹੀਨਿਆਂ ਤੋਂ ਰੂਪੋਸ਼ ਹੈ। ਇਸ ਠੱਗੀ ਸਬੰਧੀ ਜਦੋਂ ਲੋਕਾਂ ਦਾ ਗੁੱਸਾ ਭੜਕਿਆ ਤਾਂ ਬਾਬੇ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਗੁਰਦੁਆਰੇ ਦੀ ਕਮੇਟੀ ’ਤੇ ਹੀ ਪੈਸੇ ਖੁਰਦ ਬੁਰਦ ਕਰਨ ਦੇ ਦੋਸ਼ ਲਗਾ ਦਿੱਤੇ ਜਦਕਿ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੇ ਬਾਬੇ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ।
ਕਮੇਟੀ ਪ੍ਰਧਾਨ ਨਾਹਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਨੂੰ ਦਰਖਾਸਤ ਦੀ ਕਾਪੀ ਭੇਜੀ ਹੈ, ਜਿਸ ਵਿੱਚ ਬਾਬੇ ਵੱਲੋਂ ਇਕੱਠੇ ਕੀਤੇ ਪੈਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਹਰ ਸਿੰਘ ਨੇ ਇਸ ਦਰਖਾਸਤ ਵਿੱਚ 9 ਹੋਰ ਵਿਅਕਤੀਆਂ ਦੇ ਨਾਮ ਦੱਸੇ ਹਨ। ਨਾਹਰ ਸਿੰਘ ਨੇ ਦੱਸਿਆ ਕਿ 3 ਹਜ਼ਾਰ ਰੁਪਏ ਵਾਲੀ ਸਕੀਮ ਵਿੱਚ 6200 ਵਿਅਕਤੀਆਂ, ਤੀਹ ਹਜ਼ਾਰ ਸਕੀਮ ’ਚ 1250 ਅਤੇ 3 ਲੱਖ ਵਾਲੀ ਸਕੀਮ ਵਿਚ 150 ਵਿਅਕਤੀਆਂ ਨੇ ਪੈਸੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਦੋਸ਼ ਨਕਾਰਦਿਆਂ ਕਿਹਾ ਕਿ ਪ੍ਰਬੰਧਕੀ ਕਮੇਟੀ ਦਾ ਇਸ ਸਕੀਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।