ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 25 ਅਪਰੈਲ
ਸ਼ਹਿਰ ਦੇ ਕੱਕੜਵਾਲ ਪੁਲ ’ਤੇ ਲੰਘੇ ਕੱਲ੍ਹ ਵਾਪਰੀ ਲੁੱਟ-ਖੋਹ ਦੀ ਵਾਰਦਾਤ ਖ਼ਿਲਾਫ਼ ਧੂਰੀ ਵਪਾਰ ਮੰਡਲ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਬਰਾਂਚ ਧੂਰੀ ਦੇ ਸੱਦੇ ’ਤੇ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਦੀ ਅਗਵਾਈ ਹੇਠ ਅੱਜ ਸਿਟੀ ਪੁਲੀਸ ਧੂਰੀ ਖਿਲਾਫ਼ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਸ਼ਹਿਰ ਦੇ ਕੱਕੜਵਾਲ ਪੁਲ ਨੇੜੇ ਸਥਿਤ ਲੁਟੇਰਿਆਂ ਨੇ ਫਾਈਰਿੰਗ ਕਰਦਿਆਂ 70-80 ਹਜ਼ਾਰ ਰੁਪਏ ਲੁੱਟ ਲਏ ਸਨ। ਧਰਨੇ ਦੌਰਾਨ ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੀ ਸ਼ਾਮਲ ਹੋਏ। ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜਿਸ ਦਿਨ ਤੋਂ ‘ਆਪ’ ਸਰਕਾਰ ਬਣੀ ਹੈ, ਲੁੱਟ ਖੋਹ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਹਿਫ਼ਾਜ਼ਤ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਲੁਟੇਰਿਆਂ ਦੀ ਗ੍ਰਿਫਤਾਰੀ ਨਾ ਹੋਣ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਮੰਦਭਾਗਾ ਦੱਸਿਆ।
ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਆਮ ਆਦਮੀ ਪਾਰਟੀ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨਾਂ ‘ਆਪ’ ਨੂੰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸਬਕ ਸਿਖਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਵਿਸ਼ਵਾਸ ਅਤੇ ਉਤਸ਼ਾਹ ਨਾਲ ਭਗਵੰਤ ਮਾਨ ਨੂੰ ਵੋਟਾ ਪਾਈਆਂ ਸਨ, ਪਰ ਮੁੱਖ ਮੰਤਰੀ ਬਣਨ ਤੋਂ ਕਰੀਬ ਡੇਢ ਮਹੀਨਾ ਬਾਅਦ ਵੀ ਉਨ੍ਹਾਂ ਨੇ ਹਲਕੇ ਵਿੱਚ ਪੈਰ ਪਾਉਣਾ ਮੁਨਾਸਬਿ ਨਹੀਂ ਸਮਝਿਆ। ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਐੱਸ.ਪੀ (ਡੀ) ਪਲਵਿੰਦਰ ਸਿੰਘ ਚੀਮਾ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਵੱਲੋਂ ਅੱਠ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਲੱਭਣ ਲਈ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਘਟਨਾ ਦੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ। ਇਸ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਮੁਲਤਵੀ ਕਰ ਦਿੱਤਾ। ਧਰਨੇ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ, ਕਰਿਆਣਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਗੁਪਤਾ, ਵਪਾਰੀ ਆਗੂ ਹੰਸ ਰਾਜ ਬਜਾਜ, ਭਾਜਪਾ ਆਗੂ ਪ੍ਰਦੀਪ ਗਰਗ ਤੇ ਭੂਪੇਸ਼ ਜਿੰਦਲ, ਸੁਰੇਸ਼ ਬਾਂਸਲ, ਕਾਮਰੇਡ ਜਗਦੀਸ਼ ਸ਼ਰਮਾ, ਪਵਨ ਗਰਗ ਅਤੇ ਅਵਨੀਸ਼ ਕੁਮਾਰ ਆਦਿ ਵੀ ਹਾਜ਼ਰ ਸਨ।