ਪੱਤਰ ਪ੍ਰੇਰਕ
ਸੰਗਰੂਰ, 31 ਮਈ
ਦੁਨੀਆਂ ਵਿੱਚ 110 ਕਰੋੜ ਲੋਕ ਸਿਗਰਟ ਤੇ ਤੰਬਾਕੂ ਦਾ ਸੇਵਨ ਕਰ ਰਹੇ ਹਨ, ਪਿਛਲੇ 30 ਸਾਲਾਂ ਤੋਂ ਹੋਰ 15 ਕਰੋੜ ਇਸ ਨਸ਼ੇ ਵਿੱਚ ਗਲਤਾਨ ਹੋ ਚੁੱਕੇ ਹਨ| ਇਹ ਹੋਰ ਚਿੰਤਾ ਦਾ ਵਿਸ਼ਾ ਹੈ ਕਿ ਚੀਨ ਤੋਂ ਬਾਅਦ ਹੁਣ ਭਾਰਤ ਦਾ ਦੂਜਾ ਨਾਮ ਇਨ੍ਹਾਂ ਨਸ਼ਿਆਂ ਦੀ ਵਰਤੋਂ ਵਿੱਚ ਆਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਰਾ ਫ਼ਾਊਂਡੇਸ਼ਨ ਵੱਲੋਂ ਲੇਬਰ ਚੌਕ ਸੰਗਰੂਰ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸਬੰਧੀ ਕਰਵਾਏ ਗਏ ਸੰਕੇਤਕ ਸਮਾਗਮ ਵਿੱਚ ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ ਨੇ ਕੀਤਾ। ਇਸ ਮੌਕੇ ਸੰਸਥਾ ਚੇਅਰਮੈਨ ਸਰਬਜੀਤ ਸਿੰਘ ਰੇਖੀ ਦੀ ਅਗਵਾਈ ਵਿਚ ਤੰਬਾਕੂ ਨਾਲ ਸਬੰਧਤ ਪਦਾਰਥਾਂ ਨੂੰ ਸਾੜਿਆ ਗਿਆ।
ਸ਼ੇਰਪੁਰ (ਪੱਤਰ ਪ੍ਰੇਰਕ): ਪੀਐੱਚਸੀ ਮੂਲੋਵਾਲ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ, ਜਿਸ ਵਿੱਚ ਸਟਾਫ਼ ਤੋਂ ਇਲਾਵਾ ਪਿੰਡ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਐੱਮਪੀਐੱਸਡਬਲਿਉ ਮਹਿੰਦਰ ਸਿੰਘ ਨੇ ਦੱਸਿਆ ਕਿ ਹਾਜ਼ਰੀਨ ਨੂੰ ਤੰਬਾਕੂ ਨਾ ਵਰਤਣ ਦੀ ਸਹੁੰ ਪਵਾਈ ਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਵਰਤੋਂ ਤੋਂ ਰੋਕਣ ਲਈ ਵੀ ਪ੍ਰੇਰਿਆ। ਲੋਕਾਂ ਨੂੰ ‘ਜ਼ਿੰਦਗੀ ਚੁਣੋਂ, ਤੰਬਾਕੂ ਨਹੀਂ’ ਦਾ ਸੰਦੇਸ਼ ਦਿੰਦਿਆਂ ‘ਤੰਬਾਕੂ ਦੀ ਆਦਤ, ਕਰੋਨਾ ਨੂੰ ਦਾਅਵਤ’ ਦੇ ਸੱਚ ਤੋਂ ਵੀ ਜਾਣੂ ਕਰਵਾਇਆ।
ਪਟਿਆਲਾ (ਖੇਤਰੀ ਪ੍ਰਤੀਨਿਧ): ਕੋਵਿਡ-19 ਦੇ ਫੈ਼ਲਾਅ ਨੂੰ ਰੋਕਣ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਮੌਕੇ ਅੱਜ ਇਥੇ ‘ਤੰਬਾਕੂ ਛੱਡਣ ਦਾ ਵਾਅਦਾ ਕਰੋ’ ਦੇ ਨਾਅਰੇ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਲੋਕਾਂ ਨੂੰ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ।
ਭਾਦਸੋ (ਨਿੱਜੀ ਪੱਤਰ ਪ੍ਰੇਰਕ): ਐੱਸਐੱਮਓ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ਭਾਦਸੋ ਵਿੱਚ ਵਿਸ਼ਵ ਤੰਬਾਕੂਨੋਸੀ ਦਿਵਸ਼ ਮਨਾਇਆ ਗਿਆ। ਜਿਸ ਦੌਰਾਨ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਕਰਵਾਉਣ ਸਬੰਧੀ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ। ਡਾ. ਦਵਿੰਦਰ ਨੇ ਕਿਹਾ ਕਿ ਤੰਬਾਕੂ ਸਿੱਧੇ ਤੌਰ ’ਤੇ ਕੈਂਸਰ ਨੂੰ ਸੱਦਾ ਦਿੰਦਾ ਹੈ ਤੇ ਕਰੋਨਾ ਦਾ ਖਤਰਾ ਵੀ ਵਧਾਉਂਦਾ ਹੈ।
ਆਰੀਅਨ ਕਾਲਜ ਵਿੱਚ ਲੇਖ ਮੁਕਾਬਲਾ
ਰਾਜਪੁਰਾ (ਪੱਤਰ ਪ੍ਰੇਕਰ): ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇਪਰਾਂ ਵਿੱਚ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ। ਜਿਸ ਵਿੱਚ ਆਨਲਾਈਨ ਕਾਲਜ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਅੰਸ਼ੂ ਕਟਾਰੀਆ, ਡਾ. ਜੋਤੀ ਕਪਿਲ ਨੇ ਤੰਬਾਕੂ ਦੇ ਖਤਰਿਆਂ ਅਤੇ ਇਸ ਦੇ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਕੈਂਸਰ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਸਬੰਧੀ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਫਾਰਮਾ ਤੋਂ ਸ਼ੁਕਲਾ ਨੇ ਪਹਿਲਾ ਸਥਾਨ, ਸ਼ਹਿਦ ਅਨਵਰ ਨੇ ਦੂਜਾ ਅਤੇ ਰਵੀਨਾ ਕੋਡਲ ਨੇ ਤੀਜਾ ਸਥਾਨ ਹਾਸਲ ਕੀਤਾ।