ਨਿਜੀ ਪੱਤਰ ਪ੍ਰੇਰਕ
ਸੰਗਰੂਰ, 11 ਅਕਤੂਬਰ
ਆੜਤੀਆਂ ਐਸੋਸੀਏਸ਼ਨ ਦੀ ਅਗਵਾਈ ਹੇਠ ਅਨਾਜ਼ ਮੰਡੀ ਦੇ ਆੜਤੀਆਂ ਵਲੋਂ ਅੱਜ ਬੋਲੀ ਦੀ ਪ੍ਰਕਿਰਿਆ ਠੱਪ ਕਰਕੇ ਇਥੇ ਦਿੱਲੀ-ਲੁਧਿਆਣਾ ਹਾਈਵੇਅ ਉਪਰ ਆਵਾਜਾਈ ਠੱਪ ਕਰਦਿਆਂ ਕਰੀਬ ਪੰਜ ਘੰਟੇ ਰੋਸ ਧਰਨਾ ਦਿੱਤਾ ਗਿਆ ਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆੜ੍ਹਤੀ ਸ਼ੈਲਰਾਂ ਨੂੰ ਸਬ ਯਾਰਡ ਬਣਾਉਣ ਉਪਰ ਰੋਕ ਲਾਉਣ ਕਾਰਨ ਫਸਲ ਸੁੱਟਣ ਲਈ ਜਗਾਹ ਨਾ ਹੋਣ ਤੇ ਨਿੱਤ ਨਵੀਆਂ ਸ਼ਰਤਾਂ ਥੋਪ ਕੇ ਤੰਗ ਪ੍ਰੇਸ਼ਾਨ ਕਰਨ ਤੋਂ ਖਫ਼ਾ ਹਨ। ਆੜ੍ਹਤੀ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੋਮ ਨਾਥ ਬਾਂਸਲ ਨੇ ਕਿਹਾ ਕਿ ਅਨਾਜ ਮੰਡੀ ’ਚ ਫਸਲ ਸੁੱਟਣ ਲਈ ਲੋੜੀਂਦੀ ਜਗਾਹ ਨਹੀਂ ਹੈ ਜਿਸ ਕਾਰਨ ਕਣਕ ਤੇ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀ ਆਪਣੇ ਪੱਧਰ ’ਤੇ ਸਬ ਯਾਰਡਾਂ ਦਾ ਪ੍ਰਬੰਧ ਕਰਦੇ ਹਨ। ਆੜ੍ਹਤੀ ਸ਼ੈਲਰਾਂ ਵਿੱਚ ਫਸਲ ਸੁੱਟਵਾ ਕੇ ਹਰ ਸੀਜਨ ਵਿਚ ਡੰਗ ਟਪਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਨੇ ਖੂਨ ਦੇ ਰਿਸ਼ਤੇ ਨਾਲ ਸਬੰਧਤ ਸ਼ੈਲਰ ਮਾਲਕ ਦੇ ਸ਼ੈਲਰ ਵਿਚ ਫਸਲ ਸੁੱਟਣ ’ਤੇ ਰੋਕ ਲਗਾ ਦਿੱਤੀ ਹੈ ਜਿਸ ਕਾਰਨ ਆੜਤੀਆਂ ਨੂੰ ਫਸਲ ਸੁੱਟਵਾਉਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨਾਜ਼ ਮੰਡੀ ਦੇ ਗੇਟ ਉਪਰ ਮਾਰਕੀਟ ਕਮੇਟੀ ਵਾਲੇ ਹਰ ਟਰਾਲੀ ’ਚ ਮੀਟਰ ਲਗਾ ਕੇ ਝੋਨੇ ’ਚ ਨਮੀ ਦੀ ਮਾਤਰਾ ਚੈੱਕ ਕਰਦੇ ਹਨ ਜਿਸ ਮਗਰੋਂ ਟਰਾਲੀ ਅਨਾਜ਼ ਮੰਡੀ ਅੰਦਰ ਦਾਖਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਨੋਟਿਸ ਕੱਢੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਵੱਧ ਨਮੀ ਵਾਲੀ ਫਸਲ ਕਿਉਂ ਸੁਟਵਾਈ ਗਈ ਹੈ। ਅਜਿਹਾ ਕਰਕੇ ਸਰਕਾਰ ਵਲੋਂ ਕਿਸਾਨਾਂ ਤੇ ਆੜ੍ਹਤੀਆਂ ਦੀ ਸਾਂਝ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਿਜੀਲੈਂਸ ਤੋਂ ਛਾਪੇ ਮਰਵਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਆੜ੍ਹਤੀਆਂ ’ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ 65 ਸ਼ੈਲਰਾਂ ਨੂੰ ਸਬ ਯਾਰਡ ਵਜੋਂ ਅਲਾਟ ਕੀਤਾ ਜਾਵੇ, ਆੜ੍ਹਤੀਆਂ ਨੂੰ ਨਿੱਤ ਨਵੀਆਂ ਸ਼ਰਤਾਂ ਥੋਪ ਕੇ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਤੇ ਆੜ੍ਹਤੀਆਂ ਉਪਰ ਛਾਪੇ ਮਰਵਾਉਣੇ ਬੰਦ ਕੀਤੇ ਜਾਣ। ਕਰੀਬ ਪੰਜ ਘੰਟਿਆਂ ਮਗਰੋਂ ਪ੍ਰਸ਼ਾਸਨ ਦੇ ਨੁਮਾਇੰਦਿਆਂ ਦੇ ਭਰੋਸੇ ਮਗਰੋਂ ਆੜ੍ਹਤੀਆਂ ਨੇ ਰੋਸ ਧਰਨਾ ਸਮਾਪਤ ਕੀਤਾ।