ਪਵਨ ਕੁਮਾਰ ਵਰਮਾ
ਧੂਰੀ, 29 ਅਪਰੈਲ
ਇਸ ਵੇਲੇ ਕਣਕ ਦਾ ਸੀਜ਼ਨ ਲਗਭਗ ਖ਼ਤਮ ਹੋ ਚੁੱਕਾ ਹੈ ਜਿਸ ਕਾਰਨ ਪਿੰਡਾਂ ਦੇ ਖ਼ਰੀਦ ਕੇਂਦਰ ਬੰਦ ਹੋ ਚੁੱਕੇ ਹਨ ਅਤੇ ਧੂਰੀ ਅਨਾਜ ਮੰਡੀ ਵਿਚ ਵਿਕਣ ਲਈ ਕਣਕ ਦੀਆਂ ਨਾਮਾਤਰ ਢੇਰੀਆਂ ਆ ਰਹੀਆਂ ਹਨ।
ਖ਼ਰੀਦੀ ਗਈ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਧੂਰੀ ਮੰਡੀ ਅਤੇ ਖਰੀਦ ਕੇਂਦਰਾਂ ਵਿਚ ਰੁਲ ਰਹੀਆਂ ਹਨ ਜਿਨ੍ਹਾਂ ਨੂੰ ਸਿਉਂਕ ਖਾ ਰਹੀ ਹੈ ਤੇ ਅਵਾਰਾ ਪਸ਼ੂ ਇਨ੍ਹਾਂ ਤੇ ਮੂੰਹ ਮਾਰ ਰਹੇ ਹਨ। ਧੂਰੀ ਅਨਾਜ ਮੰਡੀ ਦੇ ਕੁੱਝ ਦੁਖੀ ਹੋਏ ਆੜ੍ਹਤੀਆਂ ਨੇ ਕਿਹਾ ਕਿ ਪਹਿਲਾ ਤਾਂ ਕਿਸਾਨ ਕਣਕ ਦੀ ਫ਼ਸਲ ਵੇਚਣ ਲਈ ਮਡੀਆਂ ਵਿਚ ਰੁਲਦੇ ਰਹੇ ਹੁਣ ਆੜ੍ਹਤੀਏ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਆੜ੍ਹਤੀਆਂ ਨੂੰ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਖਰੀਦ ਏਜੰਸੀਆਂ ਵੱਲੋਂ ਕਣਕ ਦੀਆਂ ਬੋਰੀਆਂ ਚੁੱਕਣ ਸਮੇਂ ਉਸ ਦਾ ਵਜ਼ਨ ਘਟਣ ਦਾ ਖਦਸ਼ਾ ਹੈ ਉੱਥੇ ਹੀ ਮੰਡੀ ਵਿਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਇਸ ਵੇਲੇ ਵਿਹਲੇ ਹੋ ਗਏ ਹਨ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਆਪ ਘਰ ਜਾਣ ਲਈ ਤਰਸ ਰਹੇ ਹਨ। ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਮੰਡੀ ਵਿਚੋਂ ਕਣਕ ਦੀ ਲਿਫਟਿੰਗ ਜਲਦੀ ਕਰਵਾਈ ਜਾਵੇ।