ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਅਕਤੂਬਰ
ਸਥਾਨਕ ਦਾਣਾ ਮੰਡੀ ਦੀਆਂ ਦੋਵੇਂ ਆੜ੍ਹਤੀਆ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਮੁਹੰਮਦ ਸਾਜਿਦ ਗੋਰਾ ਅਤੇ ਹਰਜੀਤ ਸਿੰਘ ਲੱਕੀ ਭੂਦਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ‘ਤੇ ਵਿਚਾਰ ਵਟਾਂਦਰਾ ਕਰਦਿਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗ਼ਤਾਰ ਸਿੰਘ ਸਮਰਾ ਨੇ ਆੜ੍ਹਤੀਆਂ ਦੇ ਨਵੇਂ ਲਾਇਸੰਸ ਨਾ ਬਣਨ ਸਬੰਧੀ ਕਿਹਾ ਕਿ ਜੇਕਰ ਕਿਸੇ ਆੜ੍ਹਤੀਏ ਦੀ ਮੌਤ ਹੋ ਜਾਂਦੀ ਹੈ ਜਾਂ ਹਿੱਸੇਦਾਰ ਵੱਖ-ਵੱਖ ਹੋ ਜਾਂਦੇ ਹਨ ਤੇ ਆੜ੍ਹਤੀਆਂ ਦਾ ਲਾਇਸੰਸ ਨਹੀਂ ਬਣਦਾ, ਨਵਾਂ ਲਾਇਸੰਸ ਬਣਾਉਣ ’ਤੇ ਸਰਕਾਰ ਨੇ ਅਜੇ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਅਤੇ ਆੜ੍ਹਤੀਆਂ ਨੂੰ ਪਾਸ ਤੋਂ ਛੋਟ ਦਿੱਤੀ ਜਾਵੇ। ਉਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਲਈ ਨਿੱਤ ਨਵੇਂ ਕਾਨੂੰਨ ਪਾਸ ਕਰ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਆਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ। ਇਸੇ ਤਰ੍ਹਾਂ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਮਾਲੇਰਕੋਟਲਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਰਾਜ ਸਿੰਘ ਦੁੱਲਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਗਈ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਨੰਬਰਦਾਰਾਂ ਨੇ ਰੋਸ ਮਾਰਚ ਕਰਦਿਆਂ ਮਾਲੇਰਕੋਟਲਾ-ਧੂਰੀ ਸੜਕ ਸਥਿਤ ਰਿਲਾਇੰਸ ਪੰਪ ਅੱਗੇ ਲੱਗੇ ਕਿਸਾਨ ਜਥੇਬੰਦੀਆਂ ਦੇ ਧਰਨੇ ਵਿਚ ਸ਼ਮੂਲੀਅਤ ਕੀਤੀ।