ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਦਸੰਬਰ
ਹੜਤਾਲੀ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਅੱਜ ਚੰਨੀ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਐਲਾਨ ਨੂੰ ‘ਝੂਠਾ ਐਲਾਨ’ ਗਰਦਾਨਦਿਆਂ ‘ਘਰ-ਘਰ ਚੱਲੀ ਗੱਲ, ਚੰਨੀ ਗੱਪੀਆਂ ਦਾ ਮੱਲ’ ਦੇ ਟਾਈਟਲ ਹੇਠ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਪਰਚੇ ਵੰਡੇ ਗਏ। ਜਿਸ ਵਿਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ‘‘ ਕਿੰਨਾ ਸੱਚ ਕਿੰਨਾ ਝੂਠ ’’ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਹੈ। ਵੰਡੇ ਗਏ ਪਰਚਿਆਂ ਵਿਚ ਝੂਠੇ ਦਾਅਵੇ ਬਨਾਮ ਅਸਲੀਅਤ ਦੇ ਕਾਲਮ ਛਪਵਾ ਕੇ ਪ੍ਰਚਾਰ ਸਮੱਗਰੀ ਵੰਡੀ ਗਈ।
ਐਨਐਚਐਮ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਹੜਤਾਲੀ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਨੂੰ ਲੱਭਣ ਲਈ ਪੰਜਾਬ ਭਰ ਦੇ ਗਲੀ-ਮੁਹੱਲਿਆਂ ਵਿੱਚ ਪਰਚੇ ਵੰਡੇ ਜਾਣਗੇ। ‘ਮੁੱਖ ਮੰਤਰੀ ਚੰਨੀ ਮਿਲਾਓ ਤੇ ਇਨਾਮ ਪਾਓ’ ਦਾ ਨਾਅਰਾ ਦਿੱਤਾ ਜਾਵੇਗਾ। ਇਨਾਮ ਵਜੋਂ ਉਹ ਸਬੰਧਤ ਵਿਅਕਤੀ ਨੂੰ 11 ਕੱਚੇ ਸਿਹਤ ਕਾਮੇ 3 ਦਿਨਾਂ ਦੀ ਤਨਖ਼ਾਹ ਦੇਣਗੇ ਅਤੇ ਰਾਹੁਲ ਗਾਂਧੀ ਨੂੰ ਮਿਲਾਉਣ ਵਾਲੇ ਨੂੰ ਇਨਾਮ ਵਜੋਂ 51 ਐਨਐਚਐਮ ਦੇ ਕੱਚੇ ਮੁਲਾਜ਼ਮ ਆਪਣੀ ਇੱਕ ਦਿਨ ਦੀ ਤਨਖ਼ਾਹ ਦੇਣਗੇ। ਹੜਤਾਲੀ ਮੁਲਾਜ਼ਮ ਜਨਤਕ ਥਾਵਾਂ ’ਤੇ ਪੁੱਜੇ ਜਿਥੇ ਉਹਨ੍ਹਾਂ ਚੰਨੀ ਸਰਕਾਰ ਦੀ ਪੋਲ ਖੋਲ੍ਹਦੇ ਪਰਚੇ ਵੰਡੇ ਗਏ।
ਇਸ ਮੌਕੇ ਆਗੂ ਹਰਜਿੰਦਰ ਸਿੰਘ, ਕੀਰਤਨ ਕੌਰ, ਸਪਿੰਦਰ ਕੌਰ, ਗੁਰਪ੍ਰੀਤ ਕੌਰ, ਲਖਵੀਰ ਕੌਰ, ਵਿਪਨਜੀਤ ਕੌਰ ਅਤੇ ਡਾ. ਵਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਨੂੰ ਲੱਭਣ ਲਈ ਮੁਹਿੰਮ ਵਿੱਢੀ ਜਾਵੇਗੀ। ਜੇ ਫਿਰ ਵੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਨਾ ਮਿਲੀ ਤਾਂ ਸਰਕਾਰ ਖ਼ਿਲਾਫ਼ ਪ੍ਰਚਾਰ ਤੇਜ਼ ਕੀਤਾ ਜਾਵੇਗਾ।