ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਪਰੈਲ
ਸਟੱਡੀ ਵੀਜ਼ੇ ’ਤੇ ਪੜ੍ਹਨ ਲਈ ਵਿਦੇਸ਼ ਭੇਜੀ ਪਤਨੀ ਕੋਲ ਨਾ ਜਾ ਸਕਣ ਤੋਂ ਖਫ਼ਾ ਨੌਜਵਾਨ ਨੇ ਆਪਣਾ ਗੁੱਸਾ ਵਿਚੋਲੇ ਉੱਪਰ ਕੱਢਿਆ। ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਚੋਲੇ ਦੇ 26 ਸਾਲਾ ਪੁੱਤਰ ਨੂੰ ਅਗਵਾ ਕਰ ਲਿਆ। ਭਾਵੇਂ ਪੁਲੀਸ ਨੇ ਅਗਵਾ ਹੋਏ ਵਿਚੋਲੇ ਦੇ ਪੁੱਤਰ ਨੂੰ ਬਰਾਮਦ ਕਰ ਲਿਆ ਹੈ ਪਰ ਅਗਵਾ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਤੇ ਉਸ ਦੇ ਸਾਥੀ ਫ਼ਰਾਰ ਹਨ। ਪੁਲੀਸ ਨੇ ਅਗਵਾ ਦੇ ਦੋਸ਼ ਹੇਠ ਦਰਜ ਕੇਸ ਦਰਜ ਕਰ ਲਿਆ ਹੈ।
ਇੱਥੇ ਐੱਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਲਛਮਣ ਸਿੰਘ ਵਾਸੀ ਲਿੱਦੜਾਂ ਰੋਡ ਕਾਂਝਲਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਛੋਟਾ ਲੜਕਾ ਕਰਮਬੀਰ ਸਿੰਘ ਉਰਫ਼ ਰਾਜੂ ਸੰਗਰੂਰ ਵਿੱਚ ਮੋਬਾਈਲਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ ਜੋ ਲੰਘੇ ਕੱਲ੍ਹ 13 ਅਪਰੈਲ ਨੂੰ ਦੁਕਾਨ ’ਤੇ ਗਿਆ ਸੀ ਪਰ ਸ਼ਾਮ ਨੂੰ ਵਾਪਸ ਘਰ ਨਹੀਂ ਆਇਆ ਅਤੇ ਨਾ ਹੀ ਉਸ ਦਾ ਫੋਨ ਲੱਗ ਰਿਹਾ ਸੀ। ਉਸ ਨੇ ਸੰਗਰੂਰ ਆ ਕੇ ਪੜਤਾਲ ਕੀਤੀ ਜਿਸ ਦੌਰਾਨ ਪਤਾ ਲੱਗਿਆ ਕਿ ਉਸ ਦਾ ਲੜਕਾ ਕਰਮਬੀਰ ਸਿੰਘ ਰਾਤ ਦੁਕਾਨ ਬੰਦ ਕਰਕੇ ਜਦੋਂ ਘਰ ਆਉਣ ਲੱਗਿਆ ਤਾਂ ਉਸ ਦੀ ਦੁਕਾਨ ਤੋਂ ਰਸਤੇ ਵਿੱਚ ਹਰਜਿੰਦਰ ਸਿੰਘ ਉਰਫ਼ ਹਨੀ ਵਾਸੀ ਬਡਰੁੱਖਾਂ ਨੇ ਆਪਣੀ ਜ਼ੈੱਨ ਕਾਰ ਸਮੇਤ ਤਿੰਨ ਹੋਰ ਨਾਮਲੂਮ ਸਾਥੀਆਂ ਨਾਲ ਮਿਲ ਕੇ ਉਸ ਦੇ ਲੜਕੇ ਨੂੰ ਅਗਵਾ ਕਰ ਲਿਆ ਹੈ। ਉਸ ਨੇ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਹੈ ਕਿ ਉਸ ਨੇ ਹਰਜਿੰਦਰ ਸਿੰਘ ਉਰਫ਼ ਹਨੀ ਨੂੰ ਕਰੀਬ ਤਿੰਨ ਸਾਲ ਪਹਿਲਾਂ ਬਰਨਾਲਾ ਤੋਂ ਇੱਕ ਲੜਕੀ ਦਾ ਰਿਸ਼ਤਾ ਕਰਵਾਇਆ ਸੀ। ਲੜਕੀ ਨੇ ਸਟੱਡੀ ਵੀਜ਼ੇ ’ਤੇ ਇੰਗਲੈਂਡ ਜਾਣਾ ਸੀ ਜਿਨ੍ਹਾਂ ਦਾ ਉਸ ਸਮੇਂ ਵਿਆਹ ਕਰਵਾ ਦਿੱਤਾ ਗਿਆ ਸੀ। ਲੜਕੀ ਦੀ ਵਿਦੇਸ਼ ’ਚ ਪੜ੍ਹਾਈ ਦਾ ਖਰਚਾ ਵਾਅਦੇ ਅਨੁਸਾਰ ਹਰਜਿੰਦਰ ਸਿੰਘ ਉਰਫ਼ ਹਨੀ ਨੇ ਕੀਤਾ ਸੀ। ਕਿਸੇ ਕਾਰਨ ਕਰਕੇ ਹਰਜਿੰਦਰ ਸਿੰਘ ਆਪਣੀ ਪਤਨੀ ਕੋਲ ਅਜੇ ਤੱਕ ਇੰਗਲੈਂਡ ਨਹੀਂ ਜਾ ਸਕਿਆ। ਇਸੇ ਰੰਜਿਸ਼ ਤਹਿਤ ਹਰਜਿੰਦਰ ਸਿੰਘ ਉਰਫ਼ ਹਨੀ ਨੇ ਸਮੇਤ ਆਪਣੇ ਸਾਥੀਆਂ ਦੇ ਉਸ ਦੇ ਲੜਕੇ ਕਰਮਬੀਰ ਸਿੰਘ ਨੂੰ ਅਗਵਾ ਕੀਤਾ ਹੈ।
ਥਾਣਾ ਸਿਟੀ ਪੁਲੀਸ ਨੇ ਹਰਜਿੰਦਰ ਸਿੰਘ ਉਰਫ਼ ਹਨੀ ਵਾਸੀ ਬਡਰੁੱਖਾਂ ਤੇ ਉਸਦੇ ਤਿੰਨ ਨਾਮਾਲੂਮ ਸਾਥੀਆਂ ਖ਼ਿਲਾਫ਼ 365, 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ। ਪੁਲੀਸ ਨੇ ਦੱਸਿਆ ਕਿ ਅਗਵਾਕਾਰ ਦੇ ਪਰਿਵਾਰ ਉਪਰ ਦਬਾਅ ਬਣਾਇਆ ਗਿਆ ਜਿਸ ਕਾਰਨ ਅਗਵਾਕਾਰ, ਲੜਕੇ ਕਰਮਬੀਰ ਸਿੰਘ ਨੂੰ ਭੀਖੀ ਛੱਡ ਕੇ ਫ਼ਰਾਰ ਹੋ ਗਏ ਅਤੇ ਪੁਲੀਸ ਨੇ ਭੀਖੀ ਤੋਂ ਲੜਕੇ ਨੂੰ ਬਰਾਮਦ ਕਰ ਲਿਆ। ਇਸ ਮੌਕੇ ਡੀਐਸਪੀ ਹੰਸ ਰਾਜ ਅਤੇ ਥਾਣਾ ਸਿਟੀ ਇੰਚਾਰਜ ਰਮਨਦੀਪ ਸਿੰਘ ਵੀ ਮੌਜੂਦ ਸਨ।