ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 26 ਅਗਸਤ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਪਿਲਾ ਕੇ ਪੰਜਾਬ ਨੂੰ ਤਬਾਹ ਕਰ ਰਹੀ ਹੈ ਤੇ ਦੂਜੇ ਪਾਸੇ ਬੀਜ ਘੁਟਾਲਾ, ਐਕਸਾਈਜ਼ ਘੁਟਾਲਾ ਅਤੇ ਜੀਐੱਸਟੀ ਘੁਟਾਲਾ ਆਦਿ ਘੁਟਾਲੇ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਸਾਰੇ ਘਪਲਿਆਂ ਦੀ ਕੜੀ ਮੁੱਖ ਮੰਤਰੀ ਦੇ ਘਰ ਨਾਲ ਜੁੜੀ ਹੋਈ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਆਰਡੀਨੈਂਸ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ ਤੇ ਵਪਾਰੀਆਂ ਲਈ ਬੇਹੱਦ ਘਾਤਕ ਹਨ, ਕਿਉਂਕਿ ਇਨ੍ਹਾਂ ਨਾਲ ਸੂਬਾ ਤਬਾਹੀ ਵੱਲ ਵਧੇਗਾ। ਇਨ੍ਹਾਂ ਆਰਡੀਨੈਂਸਾਂ ਦਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਹਨ ਪਰ ਅਕਾਲੀ ਦਲ ਇਸ ਦਾ ਸਮਰਥਨ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਦੀ ਕੇਂਦਰ ਨਾਲ ਸਾਂਝ ਹੈ ਅਤੇ ਸਰਕਾਰ ਦਾ ਨੁਮਾਇੰਦਾ ਰਿਲਾਇੰਸ ਵਿੱਚ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੋਣ ਦਾ ਦਾਅਵਾ ਕਰ ਕੇ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੰਬਾ ਅਰਸਾ ਪੰਜਾਬ ’ਤੇ ਰਾਜ ਕਰਦਾ ਰਿਹਾ ਪ੍ਰੰਤੂ ਅੱਜ ਉਹ ਪੰਜਾਬ ਦੀਆਂ ਮੰਗਾਂ ਨੂੰ ਛੱਡ ਕੇ ਸਿਰਫ਼ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ’ਚ ਲੱਗੇ ਹੋਏ ਹਨ। ਉਹ ਇੱਥੇ ਬੈਰਸੀਆਣਾ ਗੁਰਦੁਆਰੇ ਵਿੱਚ ਇੱਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੋਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸ਼ਹਿਰੀ ਪ੍ਰਧਾਨ ਇੰਦਰਜੀਤ ਸ਼ਰਮਾ, ਸੀਨੀਅਰ ਆਗੂ ਓਮ ਪ੍ਰਕਾਸ਼ ਦਿੜ੍ਹਬਾ ਆਦਿ ਆਗੂ ਵੀ ਹਾਜ਼ਰ ਸਨ।
ਸ੍ਰੀ ਚੀਮਾ ਨੇ ਕਿਹਾ ਕਿ ਸਰਕਾਰ ਇੱਕ ਦਿਨ ਦਾ ਇਜਲਾਸ ਸੱਦ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਕੰਮ ਕਰ ਰਹੀ ਹੈ ਕਿਉਂਕਿ ਵਿਧਾਨ ਸਭਾ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਭ ਤੋਂ ਵੱਡੀ ਪੰਚਾਇਤ ਹੈ, ਜਿਸ ਵਿੱਚ ਹਰੇਕ ਵਿਧਾਇਕ ਨੇ ਆਪਣੇ ਹਲਕੇ ਦੀਆਂ ਮੰਗਾਂ ਤੇ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਨੀ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਬੈਰਸੀਆਣਾ ਹਸਪਤਾਲ ਵਿੱਚ ਕਈ ਗੁਰਦੁਆਰਾ ਕਮੇਟੀ ਵੱਲੋਂ ਕਈ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।