ਬੀਰਬਲ ਰਿਸ਼ੀ
ਸ਼ੇਰਪੁਰ, 21 ਮਾਰਚ
ਕਿਰਤੀ ਕਿਸਾਨ ਯੂਨੀਅਨ ਦੀ ਦਖਲਅੰਦਾਜ਼ੀ ਮਗਰੋਂ ਸਰਕਾਰੀ ਪ੍ਰਾਇਮਰੀ ਜਹਾਂਗੀਰ ਸਕੂਲ ਦੀ ਅਧਿਆਪਕਾ ਦਾ ਆਡੀਓ ਵਾਇਰਲ ਮਾਮਲੇ ’ਤੇ ਭਖਿਆ ਵਿਵਾਦ ਨਿੱਬੜ ਗਿਆ ਹੈ। ਇਸ ਦੌਰਾਨ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਜਿੱਥੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਗਏ ਉੱਥੇ ਸਕੂਲ ਮੁਖੀ ਨੂੰ ਤੁਰੰਤ ਕੁਝ ਊਣਤਾਈਆਂ ਨੂੰ ਦੂਰ ਕਰਨ ਲਈ ਆਖਿਆ ਗਿਆ। ਯਾਦ ਰਹੇ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮਨੀਸ਼ਾ ਨੇ ਸਕੂਲ ਵਿੱਚ ਆਪਣੇ ਨਾਲ ਹੁੰਦੀ ਕਥਿਤ ਵਿਤਕਰੇਬਾਜ਼ੀ, ਬਲਾਕ ਸਿੱਖਿਆ ਅਧਿਕਾਰੀ ਵੱਲੋਂ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਦੀ ਡੈਪੂਟੇਸ਼ਨ ਤਹਿਤ ਭੋਜੋਵਾਲੀ ਸਕੂਲ ਵਿੱਚ ਬਦਲੀ ਕਰਨ ਦੀ ਆਡੀਓ ਵਾਇਰਲ ਹੋਇਆ ਸੀ, ਇਸ ਮਗਰੋਂ ਪੂਰੇ ਮਾਮਲੇ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਤਿੰਨ ਮੈਂਬਰੀ ‘ਤੱਥ ਖੋਜ’ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਆਗੂ ਰਣਧੀਰ ਸਿੰਘ ਧੀਰਾ, ਮੀਤ ਪ੍ਰਧਾਨ ਪਰਗਟ ਸਿੰਘ, ਪੰਚ ਬਲਜੀਤ ਸਿੰਘ ਬਾਲੀ ਤੇ ਨੰਬਰਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਅਧਿਆਪਕਾ ਦਾ ਦੁੱਖ ਸੁਣ ਕੇ ਉਸ ਦੀ ਸਾਥੀ ਅਧਿਆਪਕਾ ਨਾਲ ਮੀਟਿੰਗ ਵਿੱਚ ਤਸੱਲੀ ਕਰਵਾਈ ਗਈ। ਸਕੂਲ ਵਿੱਚ ਅਧਿਆਪਕਾ ਦੀ ਖਿੱਚੋਤਾਣ ਖ਼ਤਮ ਕਰਕੇ ਇੱਕ ਵਾਰ ਵਧੀਆ ਵਿਦਿਅਕ ਮਾਹੌਲ ਸਿਰਜਣ ਲਈ ਸਾਰਿਆ ਨੇ ਹਾਮੀ ਭਰੀ। ਸੀਐੱਚਟੀ ਜਸਵੀਰ ਸਿੰਘ ਨੇ ਵੀ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਾ ਦੇਣ ਦਾ ਵਾਅਦਾ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੱਖਰੇ ਤੌਰ ’ਤੇ ਬੀਪੀਈਓ ਕਹੇਰੂ ਨਾਲ ਮੀਟਿੰਗ ਕੀਤੀ ਅਤੇ ਸਬੰਧਤ ਮਹਿਲਾ ਅਧਿਆਪਕਾ ਦੀ ਭੋਜੋਵਾਲੀ ਆਰਜ਼ੀ ਪ੍ਰਬੰਧਾਂ ਤਹਿਤ ਕੀਤੀ ਬਦਲੀ ਤੁਰੰਤ ਰੱਦ ਕੀਤੀ।