ਬੀਰਬਲ ਰਿਸ਼ੀ
ਸ਼ੇਰਪੁਰ, 13 ਅਪਰੈਲ
ਪਿੰਡ ਖੇੜੀ ਕਲਾਂ ਤੋਂ ਐਡਵੋਕੇਟ ਜਸਵੀਰ ਸਿੰਘ ਨੇ ਅੱਜ ਤਹਿਸੀਲ ਕੰਪਲੈਕਸ ਸ਼ੇਰਪੁਰ ਵਿੱਚ ਪਿੰਡ ਦੇ ਹੀ ਇੱਕ ਸਾਬਕਾ ਸਮਿਤੀ ਮੈਂਬਰ ਵੱਲੋਂ ਉਸ ਉੱਤੇ ਹਮਲਾ ਕਰਨ ਦੇ ਦੋਸ਼ ਲਗਾਏ ਜਦੋਂ ਕਿ ਵਿਰੋਧੀ ਧਿਰ ਨੇ ਦੋਸ਼ ਨਕਾਰਦਿਆਂ ਉਲਟਾ ਐਡਵੋਕੇਟ ਖੇੜੀ ਉੱਤੇ ਗੰਭੀਰ ਦੋਸ਼ ਲਗਾਏ ਹਨ। ਐਡਵੋਕੇਟ ਸ੍ਰੀ ਖੇੜੀ ਨੇ ਦੋਸ਼ ਲਾਇਆ ਕਿ ਪਿੰਡ ਦੇ ਸਾਬਕਾ ਸਮਿਤੀ ਮੈਂਬਰ ਸ਼ਿਵੰਦਰਪਾਲ ਸਿੰਘ ਰਾਜੂ ਵੱਲੋਂ ਅੱਜ ਉਸ ਉੱਤੇ ਉਦੋਂ ਹਮਲਾ ਕਰ ਦਿੱਤਾ ਜਦੋਂ ਉਹ ਸਬ-ਤਹਿਸੀਲ ਵਿਖੇ ਇੱਕ ਦੁਕਾਨ ਵਿੱਚ ਅਚਾਨਕ ਇਕੱਠੇ ਹੋ ਗਏ ਸਨ। ਉਸ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀ ਉਸ ਨੇ ਸੋਸ਼ਲ ਮੀਡੀਆਂ ਉੱਤੇ ਪੋਸ਼ਟ ਪਾਈ ਸੀ ਜਿਸ ਤੋਂ ਸਾਬਕਾ ਸਮਿਤੀ ਮੈਂਬਰ ਖਫ਼ਾ ਸੀ। ਉਸ ਨੇ ਝਗੜੇ ਦੌਰਾਨ ਜਾਤੀਸੂਚਕ ਸ਼ਬਦ ਵਰਤੇ ਜਾਣ, ਪੱਗ ਉਤਾਰਨ, ਧਮਕੀਆਂ ਦੇਣ ਸਮੇਤ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਥਾਣਾ ਸ਼ੇਰਪੁਰ ਵਿੱਚ ਲਿਖਤੀ ਦਰਖਾਸਤ ਵੀ ਦਿੱਤੀ ਹੈ। ਉਧਰ ਸਾਬਕਾ ਸਮਿਤੀ ਮੈਂਬਰ ਸ਼ਿਵੰਦਰਪਾਲ ਸਿੰਘ ਰਾਜੂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਤੇ ਮਨਘੜਤ ਕਰਾਰ ਦਿੰਦਿਆਂ ਦੱਸਿਆ ਕਿ ਪਿੰਡ ਖੇੜੀ ਕਲਾਂ ਦਾ ਪਿਛਲੇ ਦਿਨੀ ਇੱਕ ਸਮਝੌਤਾ ਹੋਇਆ ਸੀ ਜਿਸ ਵਿੱਚ ਕਥਿਤ ਤੌਰ ਉੱਤੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਤੋਂ ਖਫ਼ਾ ਐਡਵੋਕੇਟ ਜਸਵੀਰ ਸਿੰਘ ਨੇ ਉਸ ਨੂੰ 30 ਮਾਰਚ ਨੂੰ ਰਾਤ ਤਕਰੀਬਨ 10 ਵਜੇ ਮੋਬਾਈਲ ਫੋਨ ਲਗਾ ਕੇ ਗਾਲ੍ਹਾਂ ਕੱਢੀਆਂ, ਧਮਕੀਆਂ ਦਿੱਤੀਆਂ। ਜਿਸ ਦੀ ਰਿਕਾਰਡਿੰਗ ਸਮੇਤ ਉਸ ਨੇ 31 ਮਾਰਚ ਨੂੰ ਥਾਣਾ ਸ਼ੇਰਪੁਰ ਵਿੱਚ ਲਿਖਤੀ ਦਰਖਾਸਤ ਦਿੱਤੀ ਸੀ ਪਰ ਉਸ ਉੱਤੇ ਕੋਈ ਠੋਸ ਕਾਰਵਾਈ ਨਹੀਂ ਹੋਈ।
ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ: ਐਸਐਚਓ
ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਨੇ ਦੱਸਿਆ ਕਿ ਜਸਵੀਰ ਖੇੜੀ ਵੱਲੋਂ ਅੱਜ ਦਰਖਾਸਤ ਆਈ ਹੈ ਜਿਸ ਦੀ ਪੜਤਾਲ ਏਐੱਸਆਈ ਜਾਗਰ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਸਾਬਕਾ ਸਮਿਤੀ ਮੈਂਬਰ ਸ਼ਿਵੰਦਰਪਾਲ ਰਾਜੂ ਵੱਲੋਂ ਕਈ ਦਿਨ ਪਹਿਲਾਂ ਆਈ ਦਰਖਾਸਤ ਦੀ ਪੁਸ਼ਟੀ ਕਰਦਿਆਂ ਉਸ ਨੂੰ ਇਨਕੁਆਰੀ ਅਧੀਨ ਦੱਸਿਆ।