ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਜਨਵਰੀ
ਪਿੰਡ ਗੰਢੂਆਂ ਤੇ ਨੇੜਲੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਬਿਜਲੀ ਮਹਿਕਮੇ ਵੱਲੋਂ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜਣ ਅਤੇ ਮੀਟਰ ਪੁੱਟਣ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਾਵਰਕੌਮ ਦੇ ਐਸਡੀਓ ਲਹਿਰਾਗਾਗਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਮਹਿਕਮੇ ਵੱਲੋਂ ਗੰਢੂਆਂ ਦੀ ਮਜ਼ਦੂਰ ਔਰਤ ਦਾ ਪੁੱਟਿਆ ਮੀਟਰ ਸੰਘਰਸ਼ ਦੇ ਦਬਾਅ ਹੇਠ ਜੋੜਨ ਤੋਂ ਇਲਾਵਾ ਜ਼ਿਆਦਾ ਆਏ ਬਿੱਲਾਂ ਨੂੰ ਦਰੁਸਤ ਕਰਨ ਦੀ ਕਾਰਵਾਈ ਕਰਨੀ ਪਈ। ਇਸ ਮਸਲੇ ਦੇ ਹੱਲ ਲਈ ਪਾਵਰਕੌਮ ਦਫ਼ਤਰ ਲਹਿਰਾਗਾਗਾ ਵਿਖੇ ਐਕਸੀਅਨ, ਐਸਡੀਓ ਤੇ ਸਬੰਧਤ ਜੇਈ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ, ਭਰਾਤਰੀ ਜਥੇਬੰਦੀ ਭਾਕਿਯੂ (ਏਕਤਾ ਉਗਰਾਹਾਂ) ਦੇ ਬਲਾਕ ਆਗੂ ਮਾਸਟਰ ਗੁਰਚਰਨ ਸਿੰਘ ਖੋਖਰ ਤੇ ਬਿਜਲੀ ਮੁਲਾਜ਼ਮਾਂ ਦੇ ਆਗੂ ਪੂਰਨ ਸਿੰਘ ਖਾਈ ਨਾਲ਼ ਮੀਟਿੰਗ ਕੀਤੀ ਗਈ। ਅਧਿਕਾਰੀਆਂ ਵੱਲੋਂ ਪਿੰਡ ਗੰਢੂਆਂ ਦੇ ਤਿੰਨ ਖਪਤਕਾਰਾਂ ਦੇ ਜ਼ਿਆਦਾ ਆਏ ਬਿੱਲਾਂ ਦੀ ਬਕਾਇਆ ਰਕਮ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਮਾਤਾ ਭੂਰੋ ਕੌਰ ਪਤਨੀ ਨਾਥਾ ਸਿੰਘ ਦਾ ਪੁੱਟਿਆ ਬਿਜਲੀ ਮੀਟਰ ਵੀ ਦੁਬਾਰਾ ਲਾਇਆ ਗਿਆ। ਪਿੰਡ ਸੰਗਤਪੁਰਾ ਅਤੇ ਗੰਢੂਆਂ ਵਿੱਚੋਂ ਜੋ ਮੀਟਰ ਬਿਜਲੀ ਮਹਿਕਮੇ ਵੱਲੋਂ ਪਿਛਲੇ ਸਮੇਂ ਦੌਰਾਨ ਪੁੱਟੇ ਗਏ ਸਨ। ਉਨ੍ਹਾਂ ਨੂੰ ਮਹਿਕਮੇ ਵੱਲੋਂ ਨਿਯਮਾਂ ਅਨੁਸਾਰ ਦੁਬਾਰਾ ਲਾਉਣ ਲਈ ਸਹਿਮਤੀ ਵੀ ਦਿੱਤੀ ਗਈ ਹੈ। ਮਜ਼ਦੂਰਾਂ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ ਮੁਤਾਬਕ 29 ਸਤੰਬਰ ਤੱਕ ਦੋ ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਕਾਏ ਖ਼ਤਮ ਕਰਕੇ ਬਾਅਦ ਦੇ ਬਿੱਲ ਭੇਜੇ ਜਾਣ। ਪਰ ਅਧਿਕਾਰੀਆਂ ਦਾ ਤਰਕ ਸੀ ਕਿ ਉਨ੍ਹਾਂ ਨੂੰ ਮਹਿਕਮੇ ਵੱਲੋਂ 31 ਜੁਲਾਈ 21 ਤੱਕ ਦੇ ਬਕਾਏ ਖ਼ਤਮ ਕਰਨ ਦੇ ਹੁਕਮ ਪ੍ਰਾਪਤ ਹੋਏ ਹਨ। ਭਾਵੇਂ ਇਸ ਮਸਲੇ ਤੇ ਦੋਹੇਂ ਧਿਰਾਂ ਆਪੋ ਆਪਣੀ ਪੁਜ਼ੀਸ਼ਨ ’ਤੇ ਅੜੀਆਂ ਰਹੀਆਂ ਪਰ ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਿਆਦਾ ਬਿਜਲੀ ਬਿੱਲਾਂ ਦਾ ਹਦਾਇਤਾਂ ਅਨੁਸਾਰ ਹੱਲ ਕਰਨਗੇ। ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ 29 ਸਤੰਬਰ 21 ਤੱਕ ਦੀ ਖ਼ਪਤ ਰੀਡਿੰਗ ਨੂੰ ਮੁਆਫ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।