ਬੀਰਬਲ ਰਿਸ਼ੀ
ਸ਼ੇਰਪੁਰ, 7 ਨਵੰਬਰ
ਸ਼ੇਰਪੁਰ ਤੋਂ ਈਨਾਬਾਜਵਾ ਨੂੰ ਜਾਂਦੇ ਕੱਚੇ ਰਸਤੇ ’ਤੇ ਝੋਨੇ ਦੀ ਪਰਾਲੀ ਨੂੰ ਲਗਾਈ ਗਈ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਕੂਟਰ ਸਵਾਰ ਝੁਲਸ ਗਿਆ ਜਦੋਂ ਕਿ ਉਸ ਦੇ ਸਕੂਟਰ ਦੀ ਪਿਛਲੀ ਸੀਟ ’ਤੇ ਬੈਠੇ ਉਸ ਦੇ ਪੁੱਤਰ ਨੇ ਛਾਲ ਮਾਰ ਕੇ ਆਪਣਾ ਬਚਾਅ ਕੀਤਾ।
ਪ੍ਰਵੀਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸ਼ੇਰਪੁਰ ਅੱਜ ਦਿਨ ਵੇਲੇ ਕਿਸੇ ਕੰਮ ਦੇ ਸਬੰਧ ਵਿੱਚ ਆਪਣੇ ਪੁੱਤਰ ਨਾਲ ਉਕਤ ਕੱਚੇ ਰਸਤੇ ਤੋਂ ਐਕਟਿਵਾ ਸਕੂਟਰ ’ਤੇ ਲੰਘ ਰਿਹਾ ਸੀ। ਇਸ ਦੌਰਾਨ ਉਹ ਪਰਾਲੀ ਨੂੰ ਲਗਾਈ ਅੱਗ ਕਾਰਨ ਹੋਏ ਧੂੰਏਂ ਵਿੰਚ ਅਜਿਹਾ ਉਲਝਿਆ ਕਿ ਅੱਗ ਦੀ ਲਪੇਟ ਵਿੱਚ ਆ ਗਿਆ। ਪ੍ਰਵੀਨ ਕੁਮਾਰ ਨੂੰ ਸ਼ੇਰਪੁਰ ਹਸਪਤਾਲ ਪਹੁੰਚਾਉਣ ਵਾਲੇ ਪੱਤਰਕਾਰ ਸੁਰਿੰਦਰ ਚਹਿਲ ਨੇ ਦੱਸਿਆ ਕਿ ਸਕੂਟਰ ਨੂੰ ਲੱਗੀ ਅੱਗ ਕਾਰਨ ਪ੍ਰਵੀਨ ਕਾਫੀ ਝੁਲਸਿਆ ਗਿਆ। ਉਸ ਨੂੰ ਸ਼ੇਰਪੁਰ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਪਰਿਵਾਰ ਨੇ ਜ਼ਖ਼ਮੀ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਪ੍ਰਵੀਨ ਦੇ ਸਕੂਟਰ ਦੇ ਪਿੱਛੇ ਬੈਠਾ ਉਸ ਦੇ ਪੁੱਤਰ ਨੇ ਛਾਲ ਮਾਰ ਕੇ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ ਜਦੋਂ ਕਿ ਸਕੂਟਰ ਅਤੇ ਉਸ ਦਾ ਕੁਝ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਲਪੇਟ ਵਿੱਚ ਆਏ ਪ੍ਰਵੀਨ ਕੁਮਾਰ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਵਾਤਾਵਰਨ ਪ੍ਰੇਮੀ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਕਿਸਾਨਾਂ ਨੂੰ ਮਨੁੱਖੀ ਜਾਨਾਂ ਦੀ ਕੀਮਤ ਨੂੰ ਸਮਝਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।