ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਮਈ
ਇੱਥੋਂ ਦਾ ਮੱਛੀ ਪਾਲਕ ਅਬਦੁਲ ਸਤਾਰ ਹਾਂਡਾ, ਮੱਛੀ ਪਾਲਣ ਦੇ ਕਿੱਤੇ ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਕਿੱਤਾ ਕਾਫ਼ੀ ਲਾਹੇਵੰਦ ਹੈ। ਮੱਛੀ ਪਾਲਣ ਦੇ ਕਿੱਤੇ ਵਿੱਚੋਂ ਕਿਸਾਨ ਡੇਢ ਲੱਖ ਤੋਂ ਦੋ ਲੱਖ ਰੁਪਏ ਪ੍ਰਤੀ ਏਕੜ ਮੁਨਾਫ਼ਾ ਕਮਾ ਸਕਦੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ 20-22 ਸਾਲਾਂ ਤੋਂ ਮੱਛੀ ਪਾਲਣ ਦਾ ਧੰਦਾ ਸਫਲਤਾਪੂਰਵਕ ਕਰ ਰਿਹਾ ਹੈ। ਉਸ ਨੇ ਸਾਲ 2000 ਦੌਰਾਨ ਮੱਛੀ ਪਾਲਣ ਵਿਭਾਗ ਸੰਗਰੂਰ ਤੋਂ ਮੱਛੀ ਪਾਲਣ ਧੰਦੇ ਸਬੰਧੀ ਮੁੱਢਲੀ ਸਿਖਲਾਈ ਲੈਣ ਮਗਰੋਂ ਨੇੜਲੇ ਪਿੰਡ ਰਟੋਲਾਂ ਵਿੱਚ 2 ਏਕੜ ਰਕਬੇ ਵਿੱਚ ਮੱਛੀ ਤਲਾਅ ਦੀ ਉਸਾਰੀ ਕੀਤੀ। ਮੱਛੀ ਪਾਲਣ ਵਿਭਾਗ ਵੱਲੋਂ ਮਿਲੇ ਸਹਿਯੋਗ ਅਤੇ ਤਕਨੀਕੀ ਸਲਾਹ ਨਾਲ ਵਧੀਆ ਮੁਨਾਫ਼ਾ ਹੋਣ ਕਾਰਨ ਉਸ ਨੇ ਅਗਲੇ ਸਾਲ ਇਸ ਧੰਦੇ ਨੂੰ 5 ਏਕੜ ਰਕਬੇ ਤੱਕ ਵਧਾਇਆ। ਉਹ ਮੱਛੀ ਪਾਲਣ ਵਿਭਾਗ ਤੋਂ ਮਨਜ਼ੂਰਸ਼ੁਦਾ ਮੱਛੀ ਦੀਆਂ ਕਿਸਮਾਂ ਰੋਹੂ, ਕਤਲਾ, ਮੁਰਾਖ, ਗਰਾਸ ਕਾਰਪ, ਸਿਲਵਰ ਕਾਰਪ ਅਤੇ ਕਾਮਨ ਕਾਰਪ ਮੱਛੀਆਂ ਦਾ ਪੂੰਗ ਸਟਾਕ ਕਰਦਾ ਹੈ। ਉਹ ਵਧੇਰੇ ਪ੍ਰੋਟੀਨ ਵਾਲੀ ਮੱਛੀ ਫੀਡ ਆਪ ਤਿਆਰ ਕਰ ਕੇ ਆਪਣੇ ਤਲਾਅ ਵਿੱਚ ਪਾਉਂਦਾ ਹੈ। ਉਸ ਨੇ ਦੱਸਿਆ ਕਿ ਮੱਛੀ ਦੇ ਤੇਜ਼ੀ ਨਾਲ ਵਾਧੇ ਲਈ ਮੱਛੀ ਤਲਾਅ ਦੇ ਪਾਣੀ ਦਾ ਜੀਵਾਣੂ ਰਹਿਤ ਹੋਣਾ ਅਤੇ ਪਾਣੀ ਵਿੱਚ ਆਕਸੀਜਨ ਦੀ ਵਧੇਰੇ ਮਾਤਰਾ ਹੋਣਾ ਬਹੁਤ ਜ਼ਰੂਰੀ ਹੈ। ਉਸ ਨੇ ਮੱਛੀ ਤਲਾਅ ਵਿੱਚ ਆਕਸੀਜਨ ਦਾ ਪੱਧਰ ਵਧਾਉਣ ਲਈ ਖ਼ੁਦ ਹੀ ਦੇਸੀ ਤਰੀਕੇ ਨਾਲ ਆਕਸੀਜਨ ਵਧਾਊ ਯੰਤਰ ਲਗਾਏ ਹੋਏ ਹਨ।
ਅਬਦੁਲ ਸਤਾਰ ਹਾਂਡਾ ਨੇ ਦੱਸਿਆ ਕਿ ਉੱਪਰਲੇ ਖ਼ਰਚਿਆਂ (ਵਰਕਿੰਗ ਪੂੰਜੀ) ਅਤੇ 5 ਏਕੜ ਜ਼ਮੀਨ ਰਕਬੇ ਦੇ ਠੇਕੇ ਸਮੇਤ ਤੇ ਇੱਕ ਸਾਲ ਦਾ ਖ਼ਰਚ ਲਗਭਗ 5.50 ਲੱਖ ਰੁਪਏ ਆਉਂਦਾ ਹੈ ਅਤੇ 5 ਏਕੜ ਦੇ ਤਲਾਅ ਤੋਂ ਕਰੀਬ 15 ਲੱਖ ਰੁਪਏ ਦੀ ਸਾਲਾਨਾ ਆਮਦਨ ਹੋ ਰਹੀ ਹੈ। ਸਾਰੇ ਖ਼ਰਚੇ ਕੱਢ ਕੇ ਕਰੀਬ 9 ਲੱਖ ਰੁਪਏ ਦਾ ਸਾਲਾਨਾ ਮੁਨਾਫ਼ਾ ਕਮਾ ਰਿਹਾ ਹੈ। ਉਸ ਅਨੁਸਾਰ ਮੱਛੀ ਦੀ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਹੈ। ਉਸ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਮੱਛੀ ਪਾਲਣ ਦਾ ਧੰਦਾ ਅਪਣਾਉਣ। ਕਿਸਾਨੀ ਲਾਹੇਵੰਦ ਧੰਦਾ ਬਣਾਉਣ ਲਈ ਫ਼ਸਲੀ-ਵਿਭਿੰਨਤਾ ਅਪਣਾਉਣ ਦੀ ਲੋੜ ਹੈ। ਉਸ ਨੇ ਕਿਹਾ ਕਿ ਵਧੇਰੇ ਮੁਨਾਫ਼ਾ ਕਮਾਉਣ ਲਈ ਘੱਟੋ ਘੱਟ 2 ਏਕੜ ਰਕਬੇ ਵਿੱਚ ਮੱਛੀ ਪਾਲਣ ਤਲਾਅ ਦੀ ਉਸਾਰੀ ਕਿਸਾਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ।