ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ
ਆੜ੍ਹਤੀਆ ਐਸੋਸੀਏਸ਼ਨ ਪੰਜਾਬ ਨੇ ਜੀਐੱਸਟੀ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜੀਐੱਸਟੀ ਕੌਂਸਲ ਵੱਲੋਂ ਕੀਤੀਆਂ ਗਈਆਂ ਨਵੀਆਂ ਸਿਫਾਰਸ਼ਾਂ ਆੜ੍ਹਤੀਆਂ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਵਿਰੁੱਧ ਹਨ, ਜਿਸ ਕਾਰਨ ਦੇਸ਼ ਭਰ ਵਿਚ ਇਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 149 ਮੰਡੀਆਂ ਇਸੇ ਵਿਰੋਧ ਵਿਚ ਬੰਦ ਰਹੀਆਂ ਹਨ। ਸੂਬਾ ਪ੍ਰਧਾਨ ਨੇ ਕਿਹਾ ਕਿ ਕੌਂਸਲ ਦੀਆਂ ਇਨ੍ਹਾਂ ਸਿਫਾਰਸ਼ਾਂ ਕਾਰਨ ਦੇਸ਼ ਦੀਆਂ ਹਜ਼ਾਰਾਂ ਅਨਾਜ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਹੀ ਆੜ੍ਹਤੀ ਅਤੇ ਛੋਟੇ ਵਪਾਰੀ ਜੀਐੱਸਟੀ ਦੀਆਂ ਰਿਟਰਨਾਂ ਅਤੇ ਦੂਜੀਆਂ ਮੁਸੀਬਤਾਂ ਵਿੱਚ ਉਲਝ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੀਕਿਰਿਆ ਗੁੰਝਲਦਾਰ ਹੋਣ ਕਾਰਨ ਸਾਧਾਰਨ ਮੁਨੀਮਾਂ ਦੇ ਵੱਸ ਤੋਂ ਬਾਹਰ ਦੀਆਂ ਗੱਲਾਂ ਹੋ ਜਾਣਗੀਆਂ ਅਤੇ ਸਿੱਟਾ ਇਹ ਹੋਵੇਗਾ ਕਿ ਇਸ ਨਾਲ ਉਹ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਜਦੋਂ ਕਣਕ, ਚੌਲ ਅਤੇ ਦਾਲਾਂ ’ਤੇ ਮੰਡੀਆਂ ਤੋਂ ਬਾਹਰ ਪ੍ਰੋਸੈਸਿੰਗ ਸਮੇਂ ਜੀਐੱਸਟੀ ਲੱਗ ਰਿਹਾ ਹੈ ਤਾਂ ਮੰਡੀ ਪੱਧਰ ’ਤੇ ਟੈਕਸ ਲਾਉਣ ਦੀ ਕੋਈ ਤੁਕ ਹੀ ਨਹੀਂ ਬਣਦੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਜੀਐੱਸਟੀ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।