ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਸਤੰਬਰ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿਚ ਹੋ ਰਹੀ ਦੇਰੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਾਨੂੰ ਪੁੱਛਦੇ ਹਨ ਕਿ ਤੁਹਾਡੀ ਬਰਾਤ ਤਾਂ ਬਹੁਤ ਵਧੀਆ ਹੈ ਪਰੰਤੂ ਇਹ ਤਾਂ ਦੱਸੋ ਕਿ ‘ਲਾੜਾ ਕੌਣ’ ਹੈ। ਪਾਰਟੀ ਹਾਈਕਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ। ਪਾਰਟੀ ਵਰਕਰ ਜਿਹੜੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪਸੰਦ ਕਰਦੇ ਹਨ, ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਸ ਆਗੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦੇਣਾ ਚਾਹੀਦਾ ਹੈ। ਭਗਵੰਤ ਮਾਨ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਆਪਣੀ ਰਿਹਾਇਸ਼ ’ਤੇ ਮੌਜੂਦ ਹਨ। ਉਨ੍ਹਾਂ ਨੇ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਤੋਂ ਲਗਭਗ ਕਿਨਾਰਾ ਕੀਤਾ ਹੋਇਆ ਹੈ ਪਰੰਤੂ ਉਹ ਰੋਜ਼ਾਨਾ ਪੰਜਾਬ ਭਰ ਤੋਂ ਵੱਡੀ ਤਾਦਾਦ ’ਚ ਪੁੱਜ ਰਹੇ ਪਾਰਟੀ ਵਰਕਰਾਂ ਨੂੰ ਮਿਲ ਰਹੇ ਹਨ। ਅੱਜ ਕਰੀਬ ਇੱਕ ਹਫ਼ਤੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੀ ਫੇਰੀ ਦੌਰਾਨ ਕਿਹਾ ਸੀ ਕਿ ਮੁੱਖ ਮੰਤਰੀ ਦਾ ਉਮੀਦਵਾਰ ਪੰਜਾਬ ਤੋਂ ਹੋਵੇਗਾ, ਪੰਜਾਬੀ ਹੋਵੇਗਾ ਅਤੇ ਪੰਜਾਬੀਆਂ ਨੂੰ ਉਸ ਉਪਰ ਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਹਕੀਕਤਾਂ ਨੂੰ ਚੈੱਕ ਕਰਨਾ ਚਾਹੀਦਾ ਹੈ। ਲੋਕਾਂ ਦੀ ਆਵਾਜ਼, ਪ੍ਰਮਾਤਮਾ ਦੀ ਆਵਾਜ਼ ਹੁੰਦੀ ਹੈ। ਉਨ੍ਹਾਂ ਇਥੋਂ ਤੱਕ ਆਖ਼ ਦਿੱਤਾ ਕਿ ਪਾਰਟੀ ਵਲੰਟੀਅਰ ਉਨ੍ਹਾਂ ਨੂੰ ਕਿਹੜਾ ਸਮੱਗਲਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ’ਚੋਂ ਮੁੱਖ ਮੰਤਰੀ ਦਾ ਉਮੀਦਵਾਰ ਬਣ ਸਕਦਾ ਹੈ। ਏਦਾਂ ਹੀ ਲੀਡਰ ਬਣਦੇ ਹੁੰਦੇ ਹਨ। ਸ੍ਰੀ ਮਾਨ ਨੇ ਆਪਣੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਦੇ ਰੋਜ਼ਾਨਾ ਆ ਰਹੇ ਹੜ੍ਹ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਹੁੰਦੇ। ਜੇ ਵਰਕਰ ਚਾਹੁੰਦੇ ਹਨ ਕਿ ਸਾਡੀ ਪਸੰਦ ਦਾ ਲੀਡਰ ਹੋਵੇ ਤਾਂ ਇਸ ਵਿਚ ਪਾਰਟੀ ਨੂੰ ਕੀ ਹਰਜ਼ ਹੈ। ਉਨ੍ਹਾਂ ਪਾਰਟੀ ’ਚ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਾਰਟੀ ਨੇ ਹੁਣ ਤੱਕ ਉਨ੍ਹਾਂ ਦੀ ਜਿਥੇ ਵੀ ਡਿਊਟੀ ਲਗਾਈ ਹੈ, ਉਨ੍ਹਾਂ ਪੂਰੀ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਸਮੇਂ ਨਾਲ ਵਰਕਰਾਂ ਦੀ ਪਸੰਦ ਦੇ ਉਮੀਦਵਾਰ ਜਲਦ ਐਲਾਨਦੀ ਹੈ ਤਾਂ ਵਰਕਰ ਦੁੱਗਣੇ-ਤਿੱਗਣੇ ਉਤਸ਼ਾਹ ਨਾਲ ਕੰਮ ਕਰਨਗੇ।
ਉਨ੍ਹਾਂ ਸੁਖਬੀਰ ਬਾਦਲ ਦੀ ਯਾਤਰਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਪਾਸੇ ਇੱਕ ਲੀਡਰ ਲੋਕਾਂ ’ਚ ਜਾ ਰਿਹਾ ਹੈ, ਜਿਸਦਾ ਲੋਕ ਕਾਲੀਆਂ ਝੰਡੀਆਂ ਵਿਖਾਉਂਦਿਆਂ ਵਿਰੋਧ ਕਰਦੇ ਹਨ। ਦੂਜੇ ਪਾਸੇ ਇੱਕ ਲੀਡਰ ਦੇ ਘਰ ਰੋਜ਼ਾਨਾ ਲੋਕ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਪਾਰਟੀ ਹਾਈਕਮਾਨ ਨੂੰ ਛੇਤੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਚਾਹੀਦਾ ਹੈ।ਧੂਰੀ(ਨਿਜੀ ਪੱਤਰ ਪ੍ਰੇਰਕ): ਆਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਧੂਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਮੀਟਿੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਗਈ ਕਿ ਉਹ ਜਲਦ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਇਸ ਮੌਕੇ ਰਾਜਵੰਤ ਸਿੰਘ ਘੁੱਲੀ , ਸਤਿੰਦਰ ਸਿੰਘ , ਡਾ. ਅਨਵਰ ਭਸੌੜ ਆਦਿ ਨੇ ਵੀ ਸੰਬੋਧਨ ਕੀਤਾ।