ਗੁਰਦੀਪ ਸਿੰਘ ਲਾਲੀ/ਬੀਰਇੰਦਰ ਸਿੰਘ ਬਨਭੌਰੀ
ਸੰਗਰੂਰ/ਸੁਨਾਮ, 5 ਅਪਰੈਲ
ਕਮਜ਼ੋਰ ਵਿੱਤੀ ਹਾਲਾਤ ਕਾਰਨ ਨੌਜਵਾਨ ਪੁੱਤਰ ਦਾ ਇਲਾਜ ਕਰਵਾਉਣ ਤੋਂ ਵਾਂਝੇ ਪਰਿਵਾਰ ਦੀ ਮਦਦ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅੱਗੇ ਆਏ ਹਨ। ਅੱਜ ਸਵੇਰੇ ਜਾਣਕਾਰੀ ਮਿਲਣ ’ਤੇ ਡਿਪਟੀ ਕਮਿਸ਼ਨਰ ਨੇ ਸੁਨਾਮ ਊਧਮ ਸਿੰਘ ਵਾਲਾ ਦੀ ਇੰਦਰਾ ਬਸਤੀ ਨਾਲ ਸਬੰਧਤ ਇਸ ਪਰਿਵਾਰ ਦੇ ਮਾਨਸਿਕ ਤੌਰ ’ਤੇ ਬਿਮਾਰ ਨੌਜਵਾਨ ਲੜਕੇ ਦਾ ਢੁਕਵਾਂ ਇਲਾਜ ਕਰਵਾਉਣ ਲਈ ਆਦੇਸ਼ ਦਿੱਤੇ ਅਤੇ ਹੁਣ ਇਹ ਨੌਜਵਾਨ ਸਿਵਲ ਹਸਪਤਾਲ ਸੰਗਰੂਰ ਦੇ ਮਨੋਰੋਗ ਵਾਰਡ ਵਿਖੇ ਜ਼ੇਰੇ ਇਲਾਜ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੌਜਵਾਨ ਦੇ ਇਲਾਜ ਲਈ ਇਸ ਦੇ ਪਰਿਵਾਰ ਦੁਆਰਾ ਕੀਤੀ ਗਈ ਅਪੀਲ ਬਾਰੇ ਜਾਣਕਾਰੀ ਸਾਹਮਣੇ ਆਉਣ ’ਤੇ ਉਨਾਂ ਨੇ ਐਸਡੀਐਮ ਸੁਨਾਮ ਜਸਪ੍ਰੀਤ ਸਿੰਘ ਨੂੰ ਤੁਰੰਤ ਪੀੜਤ ਪਰਿਵਾਰ ਨਾਲ ਰਾਬਤਾ ਕਰਨ ਦੀ ਹਦਾਇਤ ਕੀਤੀ ਜਿਸ ਤਹਿਤ ਕਾਰਵਾਈ ਕਰਦਿਆਂ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਐਸ.ਐਚ.ਓ ਅਤੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਪੀੜਤ ਪਰਿਵਾਰ ਤੱਕ ਪਹੁੰਚ ਕਰਦਿਆਂ ਮਰੀਜ਼ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀੜਤ ਨੌਜਵਾਨ ਦੇ ਪਰਿਵਾਰ ਮੁਤਾਬਕ ਇਸ ਨੌਜਵਾਨ ਦਾ ਦਿਮਾਗੀ ਸੰਤੁਲਨ ਵਿਗੜਨ ਕਾਰਨ ਇਹ ਗੁੱਸੇ ਵਿੱਚ ਆ ਕੇ ਭੰਨਤੋੜ ਕਰ ਰਿਹਾ ਸੀ ਜਿਸ ਕਾਰਨ ਇਸ ਦੇ ਪਰਿਵਾਰ ਨੇ ਇਸ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ। ਪਰਿਵਾਰ ਮੁਤਾਬਕ ਇਹ ਨੌਜਵਾਨ ਪਹਿਲਾਂ ਵੀ ਦਿਮਾਗੀ ਸੰਤੁਲਨ ਵਿਗੜਨ ਕਾਰਨ 20 ਦਿਨ ਦਾਖਲ ਰਿਹਾ ਸੀ ਅਤੇ ਹੁਣ ਆਰਥਿਕ ਮਜਬੂਰੀ ਕਾਰਨ ਪਰਿਵਾਰ ਇਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਪੀੜਤ ਪਰਿਵਾਰ ਕੋਲ ਪੁੱਜੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਨੌਜਵਾਨ ਦੀ ਕੌਂਸਲਿੰਗ ਕੀਤੀ ਤਾਂ ਉਹ ਇਲਾਜ ਕਰਵਾਉਣ ਲਈ ਤਿਆਰ ਹੋ ਗਿਆ।