ਹਰਦੀਪ ਸਿੰਘ ਸੋਢੀ
ਧੂਰੀ, 6 ਨਵੰਬਰ
ਲੰਘੀ ਸ਼ਾਮ ਸਥਾਨਕ ਸ਼ੇਰਪੁਰ ਚੌਕ ਨੇੜੇ ਓਵਰਬ੍ਰਿਜ ਦੇ ਹੇਠਾਂ ਧੂਰੀ-ਬਠਿੰਡਾ ਫਾਟਕਾਂ ਕੋਲ ਸਥਿਤ ਕਬਾੜ ਦੇ ਗੁਦਾਮ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੀੜਤ ਓਮ ਪ੍ਰਕਾਸ਼ ਕਬਾੜ ਦਾ ਕੰਮ ਕਰਦਾ ਸੀ ਅਤੇ ਉਸ ਨੇ ਓਵਰਬ੍ਰਿਜ ਦੇ ਹੇਠਾਂ ਫਾਟਕਾਂ ਦੇ ਨੇੜੇ ਮੈਸ. ਰੋਹਿਤ ਪਲਾਸਟਿਕ ਨਾਂ ’ਤੇ ਕਬਾੜ ਦਾ ਗੁਦਾਮ ਬਣਾਇਆ ਹੋਇਆ ਸੀ। ਲੰਘੀ ਸ਼ਾਮ ਕਰੀਬ ਸਾਢੇ ਕੁ 7 ਵਜੇ ਉਸ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉੱਥੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੂੰ ਬੁਝਾਉਣ ਲਈ ਮੌਕੇ ’ਤੇ ਸੰਗਰੂਰ, ਮਾਲੇਰਕੋਟਲਾ ਅਤੇ ਧੂਰੀ ਦੀ ਫਾਇਰ ਬਿਗ੍ਰੇਡ ਤੋਂ ਇਲਾਵਾ ਉਦਯੋਗਿਕ ਇਕਾਈ ਕੇ.ਆਰ.ਬੀ.ਐਲ ਦੀ ਅੱਗ ਬੁਝਾਉਣ ਵਾਲੀ ਗੱਡੀ ਵੀ ਮੌਕੇ ’ਤੇ ਪੁੱਜੀ, ਜਿਨ੍ਹਾਂ ਨੇ ਕਰੀਬ 9 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਸੀ। ਪ੍ਰੰਤੂ ਉਸ ਸਮੇਂ ਤੱਕ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਪੀੜਤ ਦੇ ਪੁੱਤਰ ਰੋਹਿਤ ਅਨੁਸਾਰ ਇਸ ਹਾਦਸੇ ’ਚ ਉਨ੍ਹਾਂ ਦਾ ਕਰੀਬ 8 ਤੋਂ 10 ਲੱਖ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।