ਬੀਰਬਲ ਰਿਸ਼ੀ
ਸ਼ੇਰਪੁਰ, 18 ਜੁਲਾਈ
ਈਨਾਬਾਜਵਾ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੇ ਬੀਕੇਯੂ ਏਕਤਾ ਉਗਰਾਹਾਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀਆਂ ਦਾ ਮਾਮਲਾ ਉਸ ਸਮੇਂ ਹੋਰ ਭਖ਼ ਪਿਆ ਜਦੋਂ ਪੁਲੀਸ ਨੇ ਫਰਨੀਚਰ ਫੈਕਟਰੀ ਦੇ ਮਾਲਕ ਗੁਰਚਰਨ ਸਿੰਘ, ਉਸ ਦੀ ਪਤਨੀ ਤੇ ਦੋ ਪੁੱਤਰਾਂ, ਪਿੰਡ ਦੀ ਸਰਪੰਚ ਬੀਬੀ ਦੇ ਪਤੀ ਕੁਲਦੀਪ ਸਿੰਘ ਕੀਪਾ ਸਮੇਤ 10-12 ਅਣਪਛਾਤਿਆਂ ਖ਼ਿਲਾਫ਼ ਪੁਲੀਸ ਨੇ ਧਾਰਾ 379, 447, 511, 427, 120 ਬੀ ਤਹਿਤ ਪਰਚਾ ਦਰਜ ਕਰ ਲਿਆ।
ਇਸ ਤੋਂ ਪਹਿਲਾਂ ਪੁਲੀਸ ਨੇ ਪਿੰਡ ਈਨਾਬਾਜਵਾ ਦੇ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਸਮੇਤ 10 ਵਿਅਕਤੀਆਂ ਖ਼ਿਲਾਫ਼ ਵੀ ਪਰਚੇ ਦਰਜ ਕੀਤੇ ਸਨ।
ਸਿਮਲਾ ਦੇਵੀ ਪਤਨੀ ਮਰਹੂਮ ਜਗਦੇਵ ਸਿੰਘ ਵਾਸੀ ਹੇੜੀਕੇ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਨ੍ਹਾਂ ਦੀ ਜ਼ਮੀਨ ਗੁਰਚਰਨ ਸਿੰਘ ਦੀ ਫਰਨੀਚਰ ਫੈਕਟਰੀ ਨਾਲ ਲਗਦੀ ਹੈ ਅਤੇ ਗੁਰਚਰਨ ਸਿੰਘ ਨੂੰ ਸ਼ੱਕ ਹੈ ਕਿ ਉਸਦੀ ਜਗ੍ਹਾ ਸਾਡੀ ਜਗ੍ਹਾ ਵਿੱਚ ਮਰਜ ਹੈ। ਇਸ ਸਬੰਧੀ ਕਰਵਾਈ ਗਈ ਮਿਣਤੀ ਵਿੱਚ ਸਭ ਸਾਹਮਣੇ ਆ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹੁਣ 16 ਤੇ 17 ਜੁਲਾਈ ਦੀ ਦਰਮਿਆਨੀ ਰਾਤ ਕਬਜ਼ਾ ਕਰਨ ਦੀ ਨੀਅਤ ਨਾਲ ਉਕਤ ਵਿਆਕਤੀਆਂ ਸਮੇਤ 10-12 ਅਣਪਛਾਤਿਆਂ ਨੇ ਕੁਲਦੀਪ ਸਿੰਘ ਕੀਪਾ ਦੀ ਸ਼ਹਿ ‘ਤੇ ਕਾਰਵਾਈ ਕੀਤੀ। ਪੁਲੀਸ ਨੇ ਇਸ ਪਰਚੇ ਦੀ ਪੁਸ਼ਟੀ ਕੀਤੀ।
ਇਨਸਾਫ਼ ਲਈ ਅਦਾਲਤ ਦਾ ਦਰ ਖੜਕਾਵਾਂਗਾ: ਕੁਲਦੀਪ ਸਿੰਘ
ਪਿੰਡ ਈਨਾਬਾਜਵਾ ਦੀ ਸਰਪੰਚ ਬੀਬੀ ਦੇ ਪਤੀ ਕੁਲਦੀਪ ਸਿੰਘ ਕੀਪਾ ਨੇ ਕਿਹਾ ਕਿ ਇੱਕ ਪਾਸੇ ਸਮਝੌਤੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਪੁਲੀਸ ਮਾਮਲੇ ਨੂੰ ਖੁਦ ਵਧਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਉਚ ਅਦਾਲਤ ਜਾ ਰਹੇ ਹਨ ਅਤੇ ਐੱਸਐੱਚਓ, ਆਈਓ ਸਮੇਤ ਹੋਰਨਾ ਨੂੰ ਪਾਰਟੀ ਬਣਾ ਕੇ ਇਨਸਾਫ਼ ਮੰਗਣਗੇ।