ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਬਿਨਾਂ ਦਵਾਈਆਂ ਤੋਂ ਤੰਦਰੁਸਤ ਰਹਿਣ ਦੀ ਕੁਦਰਤੀ ਪ੍ਰਣਾਲੀ ਵਿਸ਼ੇ ’ਤੇ ਕਰਵਾਏ ਸੈਮੀਨਾਰ ਦੌਰਾਨ ਡਾ. ਅਮਰ ਸਿੰਘ ਆਜ਼ਾਦ ਨੇ ਕਿਹਾ ਕਿ ਸ਼ੁੱਧ ਖਾਣ ਪੀਣ ਅਤੇ ਸਹੀ ਜੀਵਨ ਜਾਂਚ ਅਪਣਾ ਕੇ ਅਗਲੇ ਵੀਹ ਸਾਲਾਂ ਤੱਕ ਸਮੁੱਚਾ ਭਾਰਤ ਸ਼ੂਗਰ ਮੁਕਤ ਹੋ ਜਾਵੇਗਾ। ਇਸ ਦੌਰਾਨ ਡਾ. ਏ.ਐਸ. ਮਾਨ ਅਤੇ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਜੈਵਿਕ ਖੇਤੀ ਨਾਲ ਜੁੜਨਾ ਸਮੇਂ ਦੀ ਅਣਸਰਦੀ ਲੋੜ ਹੈ| ਇਸ ਮੌਕੇ ਡਾ. ਬਿਸਵਰੂਪ ਰਾਏ ਚੌਧਰੀ ਦੀ ਲਿਖੀ ਅਤੇ ਕਰਮ ਸਿੰਘ ਜਖ਼ਮੀ ਵੱਲੋਂ ਅਨੁਵਾਦ ਕੀਤੀ ਪੁਸਤਕ ‘ਹਸਪਤਾਲ ’ਚੋਂ ਜਿਊਂਦੇ ਕਿਵੇਂ ਮੁੜੀਏ’ ਲੋਕ ਅਰਪਣ ਕੀਤੀ ਗਈ| ਸ੍ਰੀ ਜਖ਼ਮੀ ਨੇ ਕਿਹਾ ਕਿ ਇਹ ਪੁਸਤਕ ਆਮ ਆਦਮੀ ਨੂੰ ਸਿਹਤ ਸੰਸਥਾਵਾਂ ਦੇ ਵਪਾਰੀਕਰਨ ਸਬੰਧੀ ਜਾਗਰੂਕ ਕਰੇਗੀ| ਸਮਗਮ ਵਿਚ ਡਾ. ਅਮਰ ਸਿੰਘ ਆਜ਼ਾਦ ਅਤੇ ਜਗਨ ਨਾਥ ਗੋਇਲ ਦਾ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਪ੍ਰੋ. ਨਰਿੰਦਰ ਸਿੰਘ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ ਲੋਟੇ, ਜਤਿੰਦਰ ਸਿੰਘ, ਦਰਬਾਰਾ ਸਿੰਘ, ਕੁਲਵੰਤ ਕਸਕ, ਅਮਰ ਗਰਗ, ਰਮੇਸ਼ਵਰ ਸਿੰਘ, ਅਮਰੀਕ ਸਿੰਘ, ਜਗਤਾਰ ਸੇਖਾ, ਗੁਰਚਰਨ ਸਿੰਘ, ਧਰਮਵੀਰ ਸਿੰਘ ਤੇ ਜੰਗ ਸਿੰਘ ਫੱਟੜ ਆਦਿ ਸ਼ਾਮਲ ਸਨ|