ਕਰਮਜੀਤ ਸਿੰਘ ਚਿੱਲਾ/ਹਰਦੇਵ ਸਿੰਘ ਚੌਹਾਨ
ਮੁਹਾਲੀ/ਚੰਡੀਗੜ੍ਹ, 31 ਮਾਰਚ
ਪੰਜਾਬੀ ਦੀ ਨਾਮਵਰ ਲੇਖਿਕਾ ਤਾਰਨ ਗੁਜਰਾਲ (90) ਦਾ ਦੇਹਾਂਤ ਹੋ ਗਿਆ। ਉਨ੍ਹਾਂ ਮੁਹਾਲੀ ਦੇ ਆਈਵੀ ਹਸਪਤਾਲ ਵਿੱਚ ਅੱਜ ਤੜਕੇ ਤਿੰਨ ਵਜੇ ਆਖਰੀ ਸਾਹ ਲਏ, ਜਿੱਥੇ ਉਹ ਲੰਘੀ 10 ਮਾਰਚ ਤੋਂ ਜ਼ੇਰੇ ਇਲਾਜ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 3 ਅਪਰੈਲ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਦੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਤਾਰਨ ਗੁਜਰਾਲ, ਜਿਨ੍ਹਾਂ ਦਾ ਜਨਮ 22 ਫਰਵਰੀ 1931 ਨੂੰ ਨਨਕਾਣਾ ਸਾਹਿਬ (ਪਾਕਿਸਤਾਨ) ਵਿੱਚ ਪਿਤਾ ਈਸ਼ਰ ਸਿੰਘ ਚੋਪੜਾ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ, ਇੱਕ ਪ੍ਰਗਤੀਸ਼ੀਲ ਲੇਖਿਕਾ ਸਨ। ਉਹ ਅਮਨ ਲਹਿਰ ਵਿੱਚ ਵੀ ਸਰਗਰਮ ਰਹੇ। ਉਹ 1995-96 ਵਿੱਚ ਕਾਨਪੁਰ ਤੋਂ ਚੰਡੀਗੜ੍ਹ ਆਏ ਅਤੇ ਚੰਡੀਗੜ੍ਹ ਦੇ ਸੈਕਟਰ-50 ’ਚ ਪੈਂਦੀ ਵਿਕਟੋਰੀਆ ਐਨਕਲੇਵ ’ਚ ਰਹਿ ਰਹੇ ਸਨ। ਉਨ੍ਹਾਂ ਦੇ ਦੋਵੇਂ ਪੁੱਤਰ ਪ੍ਰਿਤਪਾਲ ਸਿੰਘ ਅਤੇ ਬ੍ਰਿਜਇੰਦਰ ਸਿੰਘ ਇੰਗਲੈਂਡ ਰਹਿੰਦੇ ਹਨ। ਬ੍ਰਿਜਇੰਦਰ ਦੇ ਇੰਗਲੈਂਡ ਤੋਂ ਪਰਤਣ ਮਗਰੋਂ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਤਾਰਨ ਗੁਜਰਾਲ ਨੇ ਬਾਲ ਸਾਹਿਤ, ਕਾਵਿ ਸਾਹਿਤ ਅਤੇ ਕਹਾਣੀਆਂ ਦੀਆਂ ਕਈ ਪੁਸਤਕਾਂ ਲਿਖੀਆਂ। ਉਨ੍ਹਾਂ ਨੇ ਹਿੰਦੀ, ਮਰਾਠੀ, ਉਰਦੂ ਆਦਿ ਤੋਂ ਦਰਜਨਾਂ ਕਹਾਣੀਆਂ ਦਾ ਵੀ ਪੰਜਾਬੀ ’ਚ ਅਨੁਵਾਦ ਕੀਤਾ। ਸਾਹਿਤਕ ਸੰਸਥਾਵਾਂ ਤੇ ਸਾਹਿਤਕਾਰਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ