ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੂਨ
ਸੂਬੇ ਵਿਚ ਐਤਕੀਂ ਜ਼ਿਆਦਾ ਗਰਮੀ ਪੈਣ ਕਾਰਨ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ 40 ਫੀਸਦੀ ਵਧੀ ਹੈ। ਇਸ ਵਾਰ ਓਪਨ ਐਕਸਚੇਂਜ ’ਚੋਂ ਬਿਜਲੀ ਖਰੀਦਣੀ ਵੀ ਮਹਿੰਗੀ ਪੈ ਰਹੀ ਹੈ ਜਿਸ ਕਰਕੇ ‘ਆਪ’ ਸਰਕਾਰ ਲਈ ਝੋਨੇ ਦਾ ਇਹ ਪਲੇਠਾ ਸੀਜ਼ਨ ਚੁਣੌਤੀਆਂ ਭਰਪੂਰ ਹੈ। ਸਰਹੱਦ ’ਤੇ ਕੰਡਿਆਲੀ ਤਾਰ ਦੇ ਅੰਦਰਲੇ ਖੇਤਰ ’ਚ ਤਾਂ ਝੋਨੇ ਦੀ ਲੁਆਈ 10 ਜੂਨ ਤੋਂ ਹੀ ਸ਼ੁਰੂ ਹੋ ਗਈ ਸੀ ਪਰ 14 ਜੂਨ ਤੋਂ ਦਸ ਜ਼ਿਲ੍ਹਿਆਂ ’ਚ ਵੀ ਲੁਆਈ ਸ਼ੁਰੂ ਹੋਣ ਨਾਲ ਅੱਠ ਘੰਟੇ ਬਿਜਲੀ ਦੇਣੀ ਪੈ ਗਈ ਜਿਸ ਕਾਰਨ ਅੱਜ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਵੀ ਟੱਪ ਗਈ ਜੋ ਇਸ ਸੀਜ਼ਨ ਦਾ ਸਭ ਤੋਂ ਵੱਡਾ ਅੰਕੜਾ ਹੈ। ਸੂਬੇ ਦੇ ਬੰਦ ਪਏ ਥਰਮਲਾਂ ਦੇ ਕੁਝ ਯੂਨਿਟ ਵੀ ਅੱਜ ਚੱਲ ਪਏ ਜਿਸ ਕਾਰਨ ਪਾਵਰਕੌਮ ਵੱਲੋਂ ਅੱਜ 12008 ਦੇ ਮੁਕਾਬਲੇ 11500 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ। ਮੰਗ ਅਤੇ ਸਪਲਾਈ ਦਰਮਿਆਨ ਪੰਜ ਕੁ ਸੌ ਮੈਗਾਵਾਟ ਦਾ ਹੀ ਖੱਪਾ ਰਿਹਾ ਜਿਸ ਕਾਰਨ ਕਈ ਥਾਵਾਂ ’ਤੇ 2 ਤੋਂ 4 ਘੰਟਿਆਂ ਤੱਕ ਦੇ ਕੱਟ ਲੱਗੇ।
ਝੋਨੇ ਲਈ ਅੱਜ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੋਪੜ ਅਤੇ ਮੁਹਾਲੀ ਜ਼ਿਲ੍ਹਿਆਂ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਗਈ।
ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ’ਚ ਦੱਸਿਆ ਗਿਆ ਕਿ ਪਿਛਲੇ ਸਾਲ ਅੱਜ ਦੇ ਦਿਨ 10669 ਮੈਗਾਵਾਟ ਦੇ ਮੁਕਾਬਲੇ ਅੱਜ 11485 ਮੈਗਾਵਾਟ ਸਪਲਾਈ ਕੀਤੀ ਗਈ। ਇਸ ਵਾਰ ਅਪਰੈਲ ’ਚ 33 ਫੀਸਦੀ ਅਤੇ ਮਈ ’ਚ 36 ਫੀਸਦੀ ਵੱਧ ਬਿਜਲੀ ਸਪਲਾਈ ਕੀਤੀ ਗਈ।
ਦੱਸਣਾ ਬਣਦਾ ਹੈ ਕਿ 13 ਜ਼ਿਲ੍ਹਿਆਂ ’ਚ ਝੋਨੇ ਦੀ ਲੁਆਈ 17 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਕਾਰਨ ਬਿਜਲੀ ਦੀ ਮੰਗ ਹੋਰ ਵਧੇਗੀ। ਮਾਹਿਰਾਂ ਅਨੁਸਾਰ ਇਹ ਮੰਗ 15 ਹਜ਼ਾਰ ਮੈਗਾਵਾਟ ਦੇ ਨੇੜੇ ਰਹਿਣ ਦਾ ਅਨੁਮਾਨ ਹੈ।
ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਪ੍ਰਬੰਧ ਮੁਕੰਮਲ: ਹਰਭਜਨ
ਚੰਡੀਗੜ੍ਹ (ਟਨਸ): ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ| ਉਨ੍ਹਾਂ ਦੱਸਿਆ ਕਿ ਅੱਜ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਨਾਲ ਹੀ ਪਾਵਰਕੌਮ ਵੱਲੋਂ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਐੱਸਬੀਐੱਸ ਨਗਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਤੇ ਐੱਸਏਐੱਸ ਨਗਰ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਪਹਿਲੇ ਹੀ ਦਿਨ ਪੀਐੱਸਪੀਸੀਐੱਲ ਨੇ 12008 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕੀਤਾ ਹੈ| ਉਨ੍ਹਾਂ ਕਿਹਾ ਕਿ 10 ਜੂਨ ਤੋਂ ਕੰਡਿਆਲੀ ਤਾਰ ਦੇ ਪਾਰ ਸਰਹੱਦੀ ਖੇਤਰ ਵਿੱਚ ਪਹਿਲਾਂ ਹੀ ਅੱਠ ਘੰਟੇ ਰੋਜ਼ਾਨਾ ਨਿਯਮਤ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਜੂਨ 2022 ਵਿੱਚ ਬਿਜਲੀ ਦੀ ਮੰਗ ਨਿਰੰਤਰ ਜਾਰੀ ਹੈ ਅਤੇ ਜੂਨ 2021 ਦੇ ਮੁਕਾਬਲੇ ਇਸ ਸਾਲ 22 ਫ਼ੀਸਦ ਵੱਧ ਬਿਜਲੀ ਸਪਲਾਈ ਕੀਤੀ ਗਈ ਹੈ। ਖਪਤਕਾਰਾਂ ਦੀ ਕਿਸੇ ਵੀ ਸ਼੍ਰੇਣੀ ’ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ ਅਤੇ ਖੇਤੀਬਾੜੀ ਪੰਪਸੈਟਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਸਪਲਾਈ ਦਿੱਤੀ ਜਾ ਰਹੀ ਹੈ|
ਥਰਮਲ ਪਲਾਂਟ ਰੂਪਨਗਰ ਦਾ ਬੰਦ ਯੂਨਿਟ ਹੋਇਆ ਚਾਲੂ, 4 ਨੰਬਰ ਬੰਦ
ਰੂਪਨਗਰ/ਘਨੌਲੀ (ਜਗਮੋਹਨ ਸਿੰਘ): ਥਰਮਲ ਪਲਾਂਟ ਰੂਪਨਗਰ ਦੇ ਇੰਜਨੀਅਰਾਂ ਨੇ ਅੱਜ ਸਵੇਰੇ ਸੁਵੱਖਤੇ ਹੀ 3 ਨੰਬਰ ਯੂਨਿਟ ਦੀ ਮੁਰੰਮਤ ਕਰਕੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਪਰ ਬਾਅਦ ਦੁਪਹਿਰ 4 ਨੰਬਰ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਉੱਧਰ ਸ੍ਰੀ ਆਨੰਦਪੁਰ ਸਾਹਿਬ ਦੇ ਦੋਵੇਂ ਹਾਈਡਰੋ ਪ੍ਰਾਜੈਕਟਾਂ ਦੇ 3 ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਪਾਵਰਕੌਮ ਦੇ ਲੋਡ ਡਿਸਪੈਚ ਕੇਂਦਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ ਯੂਨਿਟ ਵੱਲੋਂ 168 ਮੈਗਾਵਾਟ, 5 ਨੰਬਰ ਵੱਲੋਂ 152 ਤੇ 6 ਨੰਬਰ ਯੂਨਿਟ ਵੱਲੋਂ 151 ਮੈਗਾਵਾਟ, ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-1 ਦੇ 1 ਯੂਨਿਟ ਦੁਆਰਾ 32 ਮੈਗਾਵਾਟ ਅਤੇ ਪ੍ਰਾਜੈਕਟ-2 ਦੇ ਦੋਵੇਂ ਯੂਨਿਟਾਂ ਦੁਆਰਾ 53 ਮੈਗਾਵਾਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਦੁਆਰਾ 155, ਯੂਨਿਟ ਨੰਬਰ-3 ਦੁਆਰਾ 190 ਤੇ ਯੂਨਿਟ ਨੰਬਰ 4 ਵੱਲੋਂ 185 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ।
ਬਣਾਂਵਾਲਾ ਤਾਪ ਘਰ ਦਾ ਦੂਜਾ ਯੂਨਿਟ ਅਜੇ ਵੀ ਬੰਦ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਨੇ ਸਭ ਤੋਂ ਘੱਟ ਬਿਜਲੀ ਪੈਦਾ ਕੀਤੀ ਹੈ। ਇਸ ਤਾਪ ਘਰ ਦਾ ਬੰਦ ਪਿਆ ਯੂਨਿਟ ਨੰਬਰ-2 ਅੱਜ ਵੀ ਚਾਲੂ ਨਾ ਹੋ ਸਕਿਆ, ਜਦਕਿ ਯੂਨਿਟ ਨੰਬਰ-1 ਵੱਲੋਂ 333 ਤੇ ਯੂਨਿਟ ਨੰਬਰ-3 ਵੱਲੋਂ 308 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪ ਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੀ ਹੈ। ਪਿਛਲੇ ਸਾਲ ਝੋਨੇ ਦੇ ਸੀਜ਼ਨ ਸਮੇਂ ਇਸ ਤਾਪ ਘਰ ਦੇ ਤਿੰਨੋਂ ਯੂਨਿਟ ਛੁੱਟੀ ਕਰ ਗਏ ਸਨ, ਜਿਸ ਕਰਕੇ ਕਿਸਾਨਾਂ ’ਚ ਹੁਣ ਵੀ ਸੀਜ਼ਨ ਦੌਰਾਨ ਡਰ ਬਣਿਆ ਹੋਇਆ ਹੈ। ਦੂਜੇ ਪਾਸੇ ਤਾਪ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਤਿੰਨ ਯੂਨਿਟ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰਨ ਦੇ ਯੋਗ ਹਨ ਅਤੇ ਇਨ੍ਹਾਂ ਨੂੰ ਛੇਤੀ ਚਾਲੂ ਹਾਲਤ ਵਿੱਚ ਕਰ ਦਿੱਤਾ ਜਾਵੇਗਾ। ਪ੍ਰਬੰਧਕਾਂ ਨੇ ਮੰਨਿਆ ਕਿ ਤਾਪ ਘਰ ਨੂੰ ਕੋਲੇ ਦੀ ਦਿੱਕਤ ਪੈਦਾ ਹੋ ਸਕਦੀ ਹੈ, ਜਿਸ ਲਈ ਪੰਜਾਬ ਸਰਕਾਰ ਦਾ ਪਹਿਲਾਂ ਹੀ ਕੇਂਦਰ ਸਰਕਾਰ ਨਾਲ ਲਗਾਤਾਰ ਤਾਲਮੇਲ ਬਣਿਆ ਹੋਇਆ ਹੈ। ਉੱਧਰ ਪ੍ਰਾਈਵੇਟ ਖੇਤਰ ਦੇ ਇੱਕ ਹੋਰ ਤਾਪ ਘਰ ਐੱਲ ਐਂਡ ਟੀ ਰਾਜਪੁਰਾ ਵੱਲੋਂ ਅੱਜ ਬੀਤੀ ਕੱਲ੍ਹ ਨਾਲੋਂ ਘੱਟ ਪੈਦਾਵਾਰ ਕੀਤੀ ਗਈ। ਇਸੇ ਤਰ੍ਹਾਂ ਰਾਜ ਦੇ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪ ਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚਾਰ ਯੂਨਿਟਾਂ ’ਚੋਂ ਤਿੰਨ ਚਾਲੂ ਸਥਿਤੀ ਵਿੱਚ ਹਨ।