ਚਰਨਜੀਤ ਭੁੱਲਰ
ਚੰਡੀਗੜ੍ਹ, 9 ਅਪਰੈਲ
ਪੰਜਾਬ ’ਚ 32 ਕਿਸਾਨ ਧਿਰਾਂ ਦੀ ਅਗਵਾਈ ਹੇਠ ਕਰੀਬ 68 ਥਾਵਾਂ ’ਤੇ ਚੱਲ ਰਹੇ ਕਿਸਾਨੀ ਮੋਰਚਿਆਂ ਵਿਚ ਅੱਜ ਕਣਕ ਦੇ ਖਰੀਦ ਪ੍ਰਬੰਧਾਂ ਦੀ ਗੂੰਜ ਪਈ। ਕਿਸਾਨ ਆਗੂਆਂ ਨੇ ਭਲਕੇ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਬਾਰੇ ਤੌਖਲੇ ਜ਼ਾਹਰ ਕੀਤੇ ਅਤੇ ਪੰਜਾਬ ਸਰਕਾਰ ਨੂੰ ਕਣਕ ਬਿਨਾਂ ਕਿਸੇ ਅੜਚਨ ਤੋਂ ਖਰੀਦਣ ਲਈ ਆਖਿਆ। ਪੰਜਾਬ ਦਾ ਇਹ ਸੰਘਰਸ਼ 191ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਭਲਕੇ ਪੰਜਾਬ ’ਚੋਂ ਦਿੱਲੀ ਲਈ ਕਾਫਲੇ ਵੀ ਰਵਾਨਾ ਹੋਣੇਗੇ, ਜਿਨ੍ਹਾਂ ਦੀ ਅੱਜ ਤਿਆਰੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਭਲਕ ਤੋਂ ਫੌਰੀ ਕਣਕ ਦੀ ਖਰੀਦ ਸ਼ੁਰੂ ਕਰੇ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਸਿੱਧੀ ਅਦਾਇਗੀ ਦੇ ਨਾਂ ਹੇਠ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਪਾੜਾ ਪਾਉਣਾ ਚਾਹੁੰਦੀ ਹੈ। ਆਗੂਆਂ ਨੇ ਦੱਸਿਆ ਕਿ ਕੈਐੱਮਪੀ ਰੋਡ ਜਾਮ ਕਰਨ ਲਈ ਭਲਕੇ ਦੋ ਦਰਜਨ ਕਾਫਲੇ ਦਿੱਲੀ ਲਈ ਰਵਾਨਾ ਹੋਣਗੇ। ਇਸੇ ਦੌਰਾਨ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਗਵਾਈ ਹੇਠ 11 ਅਪਰੈਲ ਨੂੰ ਸੈਂਕੜੇ ਮੁਲਾਜ਼ਮ ਵੀ ਦਿੱਲੀ ਜਾਣਗੇ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਭਲਕੇ ਦਿੱਲੀ ਦੀ ਕੇਐੱਮਪੀ ਰੋਡ ਨੂੰ 24 ਘੰਟੇ ਲਈ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਖਾਦਾਂ ਅਤੇ ਬੀਟੀ ਬੀਜਾਂ ਦੀ ਕੀਮਤ ਵਿਚ ਕੀਤਾ ਵਾਧਾ ਲਾਪਸ ਲੈਣ ਦੀ ਮੰਗ ਕੀਤੀ ਹੈ।
ਸਾਰੀ ਕਣਕ ਸਰਕਾਰੀ ਮੰਡੀਆਂ ’ਚ ਲਿਜਾਣ ਦੀ ਅਪੀਲ
ਮਾਲਵਾ ਖਿੱਤੇ ਵਿਚ ਦਰਜਨਾਂ ਥਾਵਾਂ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਧਰਨੇ ਜਾਰੀ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨਾਂ ਨੂੰ ਨਿੱਜੀ ਮੰਡੀਆਂ ਜਾ ਸੈਲੋ ਗੋਦਾਮਾਂ ਵਿੱਚ ਜਾਣ ਦੀ ਜਗ੍ਹਾ ਸਾਰੀ ਕਣਕ ਸਰਕਾਰੀ ਮੰਡੀਆਂ ਵਿਚ ਲਿਜਾਣ ਦੀ ਅਪੀਲ ਕੀਤੀ ਹੈ।ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਕਣਕ ਦਾ ਦਾਣਾ-ਦਾਣਾ ਚੁਕਾਉਣ ਲਈ ਮੰਡੀਆਂ ਵਿਚ ਮੋਰਚੇ ਲਾਏ ਜਾਣਗੇ।