ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿੱਚ ਨਵੇਂ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਬਾਰੇ ਕਿਸਾਨਾਂ ਵਿੱਚ ਵੱਧ ਰਹੇ ਖ਼ਦਸ਼ਿਆਂ ਦੇ ਦਰਮਿਆਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਪੰਜ ਫ਼ਸਲਾਂ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ‘ਕੇਂਦਰ ਨੇ ਖੇਤੀ ਬਿੱਲਾਂ ’ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦੀ ਖਿੱਲੀ ਉਡਾਈ ਹੈ। ਇਹ ਖੇਤੀ ਬਿੱਲ ਆਖ਼ਰ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰਨ ਅਤੇ ਭਾਰਤੀ ਖੁਰਾਕ ਨਿਗਮ ਦੇ ਖ਼ਾਤਮੇ ਲਈ ਰਾਹ ਸਾਫ਼ ਕਰ ਦੇਣਗੇ।’ ਕੈਪਟਨ ਨੇ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਇਹ ਸੋਚਦੀ ਹੈ ਕਿ ਉਹ ਇਸ ਤੁੱਛ ਵਾਧੇ ਨਾਲ ਸੜਕਾਂ ’ਤੇ ਉੱਤਰੇ ਕਿਸਾਨਾਂ ਨੂੰ ਸ਼ਾਂਤ ਕਰ ਲਵੇਗੀ ਤਾਂ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਇਸ ਗੱਲ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ ਕਿ ਘੱਟੋ-ਘੱਟ ਸਮਰਥਨ ਭਾਅ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਬਾਵਜੂਦ ਇਸ ਦੇ ਕੇਂਦਰ ਸਰਕਾਰ ਉਨ੍ਹਾਂ ਲਈ ਅਜਿਹੀਆਂ ਨਿਕੰਮੀਆਂ ਪੇਸ਼ਕਸ਼ਾਂ ਲੈ ਕੇ ਆ ਰਹੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਸਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕਰਨ ਵਿੱਚ ਇਕ ਵਾਰ ਫਿਰ ਨਾਕਾਮ ਰਹਿਣ ’ਤੇ ਅਫ਼ਸੋਸ ਜ਼ਾਹਰ ਕੀਤਾ। ਇਸੇ ਦੌਰਾਨ ਖੇਤੀਬਾੜੀ ਕਮਿਸ਼ਨਰ ਪੰਜਾਬ ਬਲਵਿੰਦਰ ਿਸੰਘ ਿਸੱਧੂ ਨੇ ਿਕਹਾ ਿਕ ਇਹ ਿਪਛਲੇ 10 ਸਾਲਾਂ ਦਾ ਸਭ ਤੋਂ ਘੱਟ ਵਾਧਾ ਹੈ। ਇਹ ਿਕਸਾਨਾਂ ਦਾ ਡੀਜ਼ਲ ਤੇ ਵਧਿਆ ਖਰਚਾ ਵੀ ਪੂਰਾ ਨਹੀਂ ਕਰਦਾ।