ਪੱਤਰ ਪ੍ਰੇਰਕ/ ਖੇਤਰੀ ਪ੍ਰਤੀਨਿਧ
ਮਾਨਸਾ, ਬਰਨਾਲਾ, 26 ਜੂਨ
ਸੰਗਰੂਰ ਲੋਕ ਸਭਾ ਚੋਣ ਦੇ ਨਤੀਜੇ ਨੂੰ ਲੈ ਕੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਵੋਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਇਕ ਤੀਰ ਨਾਲ ਸਿਰਫ਼ ਦੋ ਨਹੀਂ, ਬਲਕਿ ਚਾਰ ਸਿਆਸੀ ਧਿਰਾਂ ਦਾ ਸ਼ਿਕਾਰ ਕੀਤਾ ਹੈ। ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਵੋਟਰਾਂ ਨੇ ਜਿੱਥੇ ਤਾਨਾਸ਼ਾਹ, ਫਿਰਕੂ ਤੇ ਘੱਟ ਗਿਣਤੀਆਂ ਦੀ ਦੁਸ਼ਮਣ ਭਾਜਪਾ ਨੂੰ ਦਿਖਾ ਦਿੱਤਾ ਹੈ ਕਿ ਪੰਜਾਬ ਵਾਸੀ ਉਸ ਨੂੰ ਮੂੰਹ ਨਹੀਂ ਲਾਉਣਗੇ, ਉੱਥੇ ਹੀ ਬਾਦਲ ਦਲ ਵੱਲੋਂ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਆੜ ਵਿੱਚ ਵਾਪਸੀ ਕਰਨ ਦੇ ਯਤਨਾਂ ਨੂੰ ਵੀ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੰਗਰੂਰ ਦੇ ਵੋਟਰਾਂ ਨੇ ਪੰਜਾਬ ਨੂੰ ਆਪਣੇ ਰਾਜ ਦੌਰਾਨ ਕਰਜ਼ੇ, ਬੇਰੁਜ਼ਗਾਰੀ, ਨਸ਼ਿਆਂ, ਮਾਫੀਆ, ਭ੍ਰਿਸ਼ਟਾਚਾਰ ਅਤੇ ਖੁਦਕੁਸ਼ੀਆਂ ਦੇ ਮਾਰੂ ਜਾਲ ਵਿੱਚ ਫਸਾਉਣ ਵਾਲੀ ਕਾਂਗਰਸ ਨੂੰ ਵੀ ਕਰਾਰਾ ਝਟਕਾ ਦਿੱਤਾ ਹੈ।
ਲਬਿਰੇਸ਼ਨ ਆਗੂ ਨੇ ਕਿਹਾ ਕਿ ਜੇਕਰ ਇਸ ਮੁਕਾਬਲੇ ’ਚ ਜੇਤੂ ਰਹੇ ਸਿਮਰਨਜੀਤ ਸਿੰਘ ਮਾਨ ਲੋਕਾਂ ਦੇ ਅਹਿਮ ਮੁੱਦਿਆਂ ਲਈ ਸੰਸਦ ਦੇ ਅੰਦਰ ਤੇ ਬਾਹਰ ਡੱਟ ਕੇ ਲੜਨਗੇ ਤਾਂ ਬਿਨਾ ਸ਼ੱਕ ਉਹ ਬਾਦਲ ਦਲ ਨੂੰ ਕਿਨਾਰੇ ਕਰ ਕੇ ਸਿੱਖ ਪੰਥ ਅਤੇ ਅਕਾਲੀ ਦਲ ਦੇ ਇਕ ਤਾਕਤਵਰ ਆਗੂ ਬਣ ਕੇ ਉੱਭਰ ਸਕਣਗੇ। ਸ੍ਰੀ ਨੱਤ ਨੇ ਕਿਹਾ ਕਿ ਸਿਰਫ ਤਿੰਨ ਮਹੀਨੇ ਪਹਿਲਾਂ ਬੇਮਿਸਾਲ ਜਿੱਤ ਹਾਸਲ ਕਰਨ ਵਾਲੀ ‘ਆਪ’ ਨੂੰ ਵੋਟਰਾਂ ਨੇ ਸੁਨੇਹਾ ਦਿੱਤਾ ਹੈ ਕਿ ਜੇਕਰ ਭਗਵੰਤ ਮਾਨ ਧੜੱਲੇ ਨਾਲ ਪੰਜਾਬ ਦੀ ਅਗਵਾਈ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਆਪਣੇ ਪਿੰਡ ਅਤੇ ਸੰਸਦੀ ਹਲਕੇ ਦੇ ਵੋਟਰ ਵੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।