ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 2 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਸਣੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖ਼ਤੀ ਸ਼ਿਕਾਇਤ ਕਰਕੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਖਿਲਾਫ਼ ਪੰਥਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਥੇਦਾਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਕੁਝ ਤਸਵੀਰਾਂ ਦੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ, ਜਥੇਦਾਰ ਰਾਮ ਸਿੰਘ, ਸਤਨਾਮ ਸਿੰਘ ਝੱਜ, ਸੋਹਣ ਸਿੰਘ ਝੱਜ, ਹਰਬੰਸ ਸਿੰਘ ਅਤੇ ਕੇਵਲ ਕ੍ਰਿਸ਼ਨ ਆਦਿ ਨੇ ਦੋਸ਼ ਲਾਇਆ ਕਿ ਲਾਲਪੁਰਾ ਕੁਰਸੀ ’ਤੇ ਬੈਠ ਕੇ ਮੇਜ਼ ’ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪਾਠ ਕਰਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਉਹ ਸਰੀਰਕ ਤੌਰ ’ਤੇ ਤੰਦਰੁਸਤ ਹਨ ਅਤੇ ਰੋਜ਼ਾਨਾ ਸਿਆਸੀ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ’ਤੇ ਨਾ ਤਾਂ ਚੰਦੋਆ ਸਾਹਿਬ ਲੱਗਾ ਹੋਇਆ ਹੈ ਅਤੇ ਨਾ ਹੀ ਰੁਮਾਲੇ ਨਿਯਮਤ ਰੂਪ ਵਿਚ ਨਜ਼ਰ ਆ ਰਹੇ ਹਨ। ਲਾਲਪੁਰਾ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਜੁਰਾਬਾਂ ਪਾ ਕੇ ਬੈਠੇ ਹੋਏ ਹਨ, ਜੋ ਮਰਿਆਦਾ ਦੀ ਉਲੰਘਣਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਉੱਧਰ ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਲਾਲਪੁਰਾ ਦਾ ਮਾਮਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁੱਜ ਚੁੱਕਾ ਹੈ। ਸੂਤਰਾਂ ਅਨੁਸਾਰ ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਅੰਤ੍ਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਆਧਾਰਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਤਿੰਨ ਦਿਨਾਂ ਅੰਦਰ ਰਿਪੋਰਟ ਦੇਵੇਗੀ।
ਲਾਲਪੁਰਾ ਨੇ ਦੋਸ਼ ਨਕਾਰੇ
ਇਸ ਸਬੰਧੀ ਅੱਜ ਇਕਬਾਲ ਸਿੰਘ ਲਾਲਪੁਰਾ ਦੇ ਘਰ ਦਾ ਦੌਰਾ ਕਰਕੇ ਪਰਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਕਿਹਾ ਕਿ ਲਾਲਪੁਰਾ ਘਰ ਮੌਜੂਦ ਨਹੀਂ ਸਨ। ਉਨ੍ਹਾਂ ਨਾਲ ਫੋਨ ’ਤੇ ਗੱਲ ਹੋਈ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਹੋ ਕੇ ਇਸ ਮਸਲੇ ਸਬੰਧੀ ਆਪਣਾ ਸਪਸ਼ਟੀਕਰਨ ਦੇਣ। ਦੂਜੇ ਪਾਸੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਨਵਾਂ ਸਾਲ ਪਾਠ ਕਰਦਿਆਂ ਮਨਾ ਰਹੇ ਸਨ ਜਿਸ ਸਬੰਧੀ ਉਸ ਦੇ ਲੜਕੇ ਵਲੋਂ ਫੇਸਬੁੱਕ ’ਤੇ ਫੋਟੋ ਪਾਈ ਗਈ ਸੀ। ਉਹ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਸੈਂਚੀਆਂ ਤੋਂ ਪਾਠ ਕਰ ਰਹੇ ਸਨ ਪਰ ਉਨ੍ਹਾਂ ’ਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਅਜਿਹੇ ਦੋਸ਼ ਲਾਏ ਜਾ ਰਹੇ ਹਨ।