ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 26 ਸਤੰਬਰ
ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ਼ ਵਿੱਚ ਹਜ਼ਰਤ ਸ਼ੇਖ ਅਹਿਮਦ ਮੁਜ਼ੱਦਦ ਅਲਸਫ਼ਾਨੀ ਦੀ ਦਰਗਾਹ ’ਤੇ ਚੱਲ ਰਿਹਾ 409ਵਾਂ ਸਾਲਾਨਾ ਉਰਸ ਅੱਜ ਸ਼ਰਧਾ ਨਾਲ ਸੰਪੰਨ ਹੋ ਗਿਆ। ਇਸ ਮੌਕੇ ਦੇਸ਼-ਵਿਦੇਸ਼ ’ਚੋਂ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕ ਨਤਮਸਤਕ ਹੋਏ।
ਤਿੰਨ ਰੋਜ਼ਾ ਸਾਲਾਨਾ ਉਰਸ ਦੌਰਾਨ ਪੰਜਾਬ ਦੇ ਸ਼ਾਹੀ ਇਮਾਮ ਤੇ ਮੁਸਲਿਮ ਪਰਸਨਲ ਲਾਅ ਬੋਰਡ ਪੰਜਾਬ ਦੇ ਚੇਅਰਮੈਨ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੱਲੋਂ ਵੀ ਰੋਜ਼ਾ ਸ਼ਰੀਫ਼ ਵਿੱਚ ਪਹੁੰਚ ਕੇ ਸਰਬੱਤ ਦੇ ਭਲੇ ਅਤੇ ਦੇਸ਼ ’ਚ ਸ਼ਾਂਤੀ ਲਈ ਦੁਆ ਕੀਤੀ ਗਈ। ਦਰਗਾਹ ਦੇ ਮੌਜੂਦਾ ਖਲੀਫ਼ਾ ਸਈਅਦ ਸਾਦਿਕ ਰਜ਼ਾ, ਸੈਫ਼ ਅਹਿਮਦ ਅਤੇ ਹੋਰ ਸ਼ਖਸੀਅਤਾਂ ਦੀ ਮੌਜੂਦਗੀ ’ਚ ਮਦਰੱਸਿਆਂ ਦੇ ਮੁੱਦੇ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਕਈ ਨਾਮਵਰ ਸ਼ਖਸੀਅਤਾਂ, ਜਿਨ੍ਹਾਂ ’ਚੋਂ ਬਹੁਤੇ ਗੈਰਮੁਸਲਿਮ ਭਾਈਚਾਰੇ ’ਚੋਂ ਸਨ, ਨੇ ਮਦਰੱਸਿਆਂ ਵਿੱਚ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਵੱਡਾ ਮੁਕਾਮ ਹਾਸਲ ਕੀਤਾ। ਕੁਝ ਦਿਨ ਪਹਿਲਾਂ ਹੀ ਇਨਾਂ ਮਦਰੱਸਿਆਂ ’ਚੋਂ ਸਿੱਖਿਆ ਪ੍ਰਾਪਤ 1400 ਦੇ ਕਰੀਬ ਵਿਦਿਆਰਥੀਆਂ ਨੇ ਨੀਟ ਦਾ ਇਮਤਿਹਾਨ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਮੀਡੀਆ ਦੇ ਕੁਝ ਹਿੱਸੇ ਵੱਲੋਂ ਮਦਰੱਸਿਆਂ ਅਤੇ ਮੁਸਲਿਮ ਭਾਈਚਾਰੇ ਬਾਰੇ ਗ਼ਲਤ ਅਕਸ ਪੇਸ਼ ਕਰਕੇ ਨਫ਼ਰਤੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬੇਹੱਦ ਮੰਦਭਾਗਾ ਹੈ। ਮੁਸਲਿਮ ਅਬਾਦੀ ਵਾਲੇ ਕਈ ਇਲਾਕਿਆਂ ’ਚ ਕਬਰਿਸਤਾਨ ਦੀ ਆ ਰਹੀ ਸਮੱਸਿਆ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਅਜਿਹੀ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਵਕਫ਼ ਬੋਰਡ ਦੇ ਧਿਆਨ ’ਚ ਲਿਆਂਦੀ ਜਾਵੇ ਤੇ ਉਨ੍ਹਾਂ ਨੂੰ ਜਗ੍ਹਾ ਅਲਾਟ ਕਰ ਦਿੱਤੀ ਜਾਵੇਗੀ। ਇਸ ਮੌਕੇ ਰੋਜ਼ਾ ਸ਼ਰੀਫ ਦੇ ਮੌਜੂਦਾ ਖ਼ਲੀਫਾ ਸਈਅਦ ਸਾਦਿਕ ਰਜ਼ਾ ਨੇ ਮਾਨਵਤਾ ਦੀ ਭਲਾਈ ਲਈ ਦੁਆ ਕੀਤੀ।