ਪੱਤਰ ਪ੍ਰੇਰਕ
ਸਮਰਾਲਾ, 10 ਮਈ
ਪਿੰਡ ਸ਼ਮਸਪੁਰ ਨੇੜੇ ਸੜਕ ਹਾਦਸੇ ’ਚ ਕਾਰ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਤੜਕੇ ਦੋ ਤੋਂ ਤਿੰਨ ਵਜੇ ਦੇ ਕਰੀਬ ਵਾਪਰਿਆ। ਕਾਰ ਵਿਚ ਦੋ ਨੌਜਵਾਨ ਬੀਜਾ ਤੋਂ ਸਮਰਾਲਾ ਵੱਲ ਆ ਰਹੇ ਸਨ ਤਾਂ ਅਚਾਨਕ ਆਵਾਰਾ ਪਸ਼ੂ ਉਨ੍ਹਾਂ ਦੀ ਗੱਡੀ ਅੱਗੇ ਆ ਗਿਆ ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ। ਇਸ ਕਾਰਨ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ| ਉਸ ਦੀ ਸ਼ਨਾਖ਼ਤ ਸੰਜੇ ਕੁਮਾਰ (33) ਵਾਸੀ ਸਮਰਾਲਾ ਵਜੋਂ ਹੋਈ ਹੈ, ਜਦੋਂਕਿ ਉਸ ਦਾ ਸਾਥੀ ਜੋ ਕਿ ਗੱਡੀ ਚਲਾ ਰਿਹਾ ਸੀ ਉਸ ਦਾ ਨਾਮ ਅਰਸ਼ਦੀਪ ਸਿੰਘ ਦੱਸਿਆ ਗਿਆ ਹੈ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਸਮਰਾਲਾ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ ਗਿਆ।