ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਨਵੀਂ ਦਿੱਲੀ, 16 ਅਗਸਤ
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪਰਸ਼ੋਤਮ ਰੁਪਾਲਾ ਨੇ ਅੱਜ ਪੰਜਾਬ ’ਚ ਲੰਪੀ ਸਕਿਨ ਤੋਂ ਪ੍ਰਭਾਵਿਤ ਪਸ਼ੂਆਂ ਬਾਰੇ ਜਾਇਜ਼ਾ ਲਿਆ। ਉਨ੍ਹਾਂ ਸੂਬੇ ’ਚ ਪ੍ਰਭਾਵਿਤ ਪਸ਼ੂਆਂ ਲਈ ਇਕਾਂਤਵਾਸ ਵਾਰਡ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ। ਪੰਜਾਬ ਅਤੇ ਹਰਿਆਣਾ ਦੇ ਪਸ਼ੂ ਪਾਲਣ ਮੰਤਰੀਆਂ ਨਾਲ ਮੀਟਿੰਗ ਮਗਰੋਂ ਰੁਪਾਲਾ ਨੇ ਕਿਹਾ ਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਦੋਵੇਂ ਰਾਜਾਂ ਨੇ ਬਿਮਾਰੀ ਨਾਲ ਨਜਿੱਠਣ ਸਬੰਧੀ ਅਗਲੀ ਰਣਨੀਤੀ ਦੀ ਜਾਣਕਾਰੀ ਸਾਂਝੀ ਕੀਤੀ ਹੈ। ਕੇਂਦਰੀ ਮੰਤਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦੁੱਧ ਦੇ ਵਧੇ ਭਾਅ ਨੂੰ ਇਸ ਬਿਮਾਰੀ ਨਾਲ ਜੋੜਨਾ ਠੀਕ ਨਹੀਂ। ਫ਼ਿਲਹਾਲ ਮੁਆਵਜ਼ਾ ਦੇਣ ਦੀ ਕੋਈ ਵਿਵਸਥਾ ਨਹੀਂ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੋਵੇਂ ਸੂਬਿਆਂ ਨੂੰ ਲੋੜ ਅਨੁਸਾਰ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਦੁੱਧ ਉਬਾਲ ਕੇ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁੱਝ ਲੋਕ ਮੌਤ ਤੋਂ ਬਾਅਦ ਪਸ਼ੂਆਂ ਨੂੰ ਖੁੱਲ੍ਹੇ ਵਿਚ ਛੱਡ ਦਿੰਦੇ ਹਨ ਜਦੋਂਕਿ ਪਸ਼ੂਆਂ ਨੂੰ ਜ਼ਮੀਨ ਵਿੱਚ ਦੱਬਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੇਂਦਰੀ ਮੰਤਰੀ ਨੇ ਪਹਿਲਾਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਲੰਪੀ ਸਕਿਨ ਦੀ ਰੋਕਥਾਮ ਲਈ ਸੂਬੇ ਦੀਆਂ 25 ਲੱਖ ਤੋਂ ਵੱਧ ਗਾਵਾਂ ਲਈ ‘ਗੋਟ ਪੌਕਸ’ ਵੈਕਸੀਨ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ। ਸ੍ਰੀ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਇਸ ਦੀਆਂ ਕਰੀਬ 2.05 ਲੱਖ ਖ਼ੁਰਾਕਾਂ ਸਿਹਤਮੰਦ ਪਸ਼ੂਆਂ ਦੇ ਲਗਾਈਆਂ ਜਾ ਚੁੱਕੀਆਂ ਹਨ। ਇਸ ਰੋਗ ਨਾਲ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ, ਤਰਨ ਤਾਰਨ, ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਸ਼ੂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪੰਜਾਬ ਵਿੱਚ 25.31 ਲੱਖ ਗਾਵਾਂ ਅਤੇ 40.15 ਲੱਖ ਮੱਝਾਂ ਹਨ। ਲੰਪੀ ਸਕਿਨ ਨਾਲ ਹੁਣ ਤੱਕ 74,325 ਪਸ਼ੂਆਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਨ੍ਹਾਂ ’ਚੋਂ 39,248 ਪਸ਼ੂ ਸਿਹਤਮੰਦ ਹੋ ਗਏ ਹਨ ਜਦਕਿ 3,359 ਮੌਤਾਂ ਹੋ ਚੁੱਕੀਆਂ ਹਨ।
ਗੱਡੀ ਰੋਕਣ ਤੋਂ ਖਫ਼ਾ ਹੋਏ ਕੇਂਦਰੀ ਮੰਤਰੀ
ਪੰਜਾਬ ਭਵਨ ਦੇ ਗੇਟ ’ਤੇ ਸੁਰੱਖਿਆ ਅਮਲੇ ਵੱਲੋਂ ਕੇਂਦਰੀ ਪਸ਼ੂ ਪਾਲਣ ਮੰਤਰੀ ਰੁਪਾਲਾ ਦੀ ਗੱਡੀ ਰੋਕੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਜਦੋਂ ਰੁਪਾਲਾ ਦੀ ਗੱਡੀ ਨੂੰ ਪੰਜਾਬ ਭਵਨ ਦੇ ਗੇਟ ’ਤੇ ਸੁਰੱਖਿਆ ਅਮਲੇ ਨੇ ਰੋਕਿਆ ਤਾਂ ਕੇਂਦਰੀ ਮੰਤਰੀ ਖਫ਼ਾ ਹੋੋ ਗਏ। ਸੁਰੱਖਿਆ ਅਮਲੇ ਦਾ ਤਰਕ ਸੀ ਕਿ ਉਨ੍ਹਾਂ ਨੇ ਗੱਡੀ ਵਿਚ ਕੋਈ ਹਥਿਆਰ ਵਗੈਰਾ ਹੋਣ ਬਾਰੇ ਪੁੱਛਿਆ ਸੀ ਜਦੋਂ ਕਿ ਮੰਤਰੀ ਇਸ ਗੱਲੋਂ ਨਰਾਜ਼ ਹੋਏ ਕਿ ਪ੍ਰੋਟੋਕਾਲ ਅਫਸਰ ਨੇ ਸੁਰੱਖਿਆ ਅਮਲੇ ਨੂੰ ਇਸ ਦੌਰੇ ਤੋਂ ਜਾਣੂ ਕਿਉਂ ਨਹੀਂ ਕਰਾਇਆ।