ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਫਰਵਰੀ
ਕੇਂਦਰੀ ਜਲ ਸ਼ਕਤੀ ਅਤੇ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਵਿੱਤੀ ਵਰ੍ਹੇ 2022-23 ਲਈ ਪੇਸ਼ ਕੀਤੇ ਗਏ ਬਜਟ ਨੂੰ ਆਤਮ ਨਿਰਭਰ ਭਾਰਤ ਦੇ ਵਿਕਾਸ ਦੀ ਦਿਸ਼ਾਂ ’ਚ ਤੇਜ਼ੀ ਨਾਲ ਅੱਗੇ ਵਧਣ ਦਾ ਦਸਤਾਵੇਜ਼ ਦੱਸਿਆ ਹੈ। ਇਸ ਵਿੱਚ ਡਿਜੀਟਲ ਕਰੰਸੀ ਨੂੰ ਮਾਨਤਾ ਦੇ ਦਿੱਤੀ ਗਈ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਡਿਜੀਟਲੀ ਬਹੁਤ ਮਜ਼ਬੂਤ ਹੋਵੇਗੀ। ਉਸ ਦੇ ਚੰਗੇ ਨਤੀਜੇ ਭਾਰਤ ਵਿੱਚ ਬੈਠੇ ਲੋਕਾਂ ਦੇ ਨਾਲ-ਨਾਲ ਵਿਦੇਸ਼ਾਂ ’ਚ ਬੈਠੇ ਭਾਰਤੀਆਂ ਨੂੰ ਵੀ ਦੇਖਣ ਨੂੰ ਮਿਲਣਗੇ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਸੀਨੀਅਰ ਨੇਤਾ ਸੰਜੇ ਟੰਡਨ, ਜਨਰਲ ਸਕੱਤਰ ਰਾਮਵੀਰ ਭੱਟੀ, ਚੰਦਰਸ਼ੇਖਰ ਅਤੇ ਬੁਲਾਰੇ ਕੈਲਾਸ਼ ਚੰਦ ਵੀ ਹਾਜ਼ਰ ਰਹੇ।
ਸ੍ਰੀ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਆਤਮਨਿਰਭਰ ਭਾਰਤ ਬਣਾਉਣ ਦਾ ਨਾਅਰਾ ਦਿੱਤਾ ਹੈ। ਉਸੇ ਤਹਿਤ ਕੇਂਦਰ ਸਰਕਾਰ ਕੰਮ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ 9.2 ਫ਼ੀਸਦ ਹੈ ਜੋ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਤੇਜ਼ੀ ਨਾਲ ਵੱਧ ਰਹੀ ਹੈ। ਕੇਂਦਰ ਸਰਕਾਰ ਵੱਲੋਂ ਆਤਮ ਨਿਰਭਰ ਭਾਰਤ ਲਈ ਜਾਰੀ ਕੀਤੇ ਪੈਕੇਜ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਰੁਜ਼ਗਾਰ ਬਚ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ ਜਦਕਿ 60 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਰੱਖਿਆ ਹੈ।