ਪਰਮਜੀਤ ਸਿੰਘ
ਫਾਜ਼ਿਲਕਾ, 2 ਜਨਵਰੀ
ਇੱਥੇ ਅਗਰਵਾਲ ਕਮਿਊਨਿਟੀ ਹਾਲ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਪੰਜਾਬ ਇੰਚਾਰਜ ਅਤੇ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਖ਼ਿਲਾਫ਼ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਪਵਨ ਕੁਮਾਰ, ਪਰਮਜੀਤ ਸਿੰਘ, ਬਲਦੇਵ ਕੰਬੋਜ, ਰਾਜ ਕੁਮਾਰ, ਰਾਮ ਸਵਰੂਪ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਕੁਝ ਮੰਗਾਂ ਕੇਂਦਰ ਨਾਲ ਸਬੰਧਤ ਹਨ ਅਤੇ ਇਹ ਮੰਗਾਂ ਮੰਨਵਾਉਣ ਲਈ ਅੱਜ ਉਹ ਸ਼ੇਖਾਵਤ ਨਾਲ ਮੀਟਿੰਗ ਕਰਨ ਇੱਥੇ ਪਹੁੰਚੇ ਸਨ ਪਰ ਪੁਲੀਸ ਉਨ੍ਹਾਂ ਨੂੰ ਭਾਜਪਾ ਆਗੂ ਨਾਲ ਮਿਲਣ ਨਹੀਂ ਦੇ ਰਹੀ। ਇਸੇ ਕਾਰਨ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੁਲੀਸ ’ਤੇ ਧੱਕਾ-ਮੁੱਕੀ ਕਰਨ ਦੇ ਦੋਸ਼ ਵੀ ਲਾਏ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 15,015 ਈਟੀਟੀ ਦੀਆਂ ਪੋਸਟਾਂ ਦਿੱਤੀਆਂ ਹਨ ਪਰ ਕੇਂਦਰ ਦੀ ਇਕ ਐੱਨਸੀਟੀ ਵੱਲੋਂ ਕੇਵੀਐੱਸ ਲਈ ਜਾਰੀ ਪੱਤਰ ਕਾਰਨ ਈਟੀਟੀ ਅਤੇ ਬੀਐੱਡ ਕੈਂਡੀਡੇਟਾਂ ਨੂੰ ਬਰਾਬਰ ਵਿਚਾਰਿਆ ਜਾ ਰਿਹਾ ਹੈ, ਜੋ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਮਸਲਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨਗੇ।