ਪਾਲ ਸਿੰਘ ਨੌਲੀ
ਜਲੰਧਰ, 1 ਜਨਵਰੀ
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਤੇ ਪਾਰਟੀ ਦੇ ਚੋਣ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਤੇ ਪੁਲੀਸ ਵਿਚਾਲੇ ਖਿੱਚ ਧੂਹ ਵੀ ਹੋਈ। ਮਹਿਲਾ ਪੁਲੀਸ ਮੁਲਾਜ਼ਮਾਂ ਨੇ ਲੜਕੀਆਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਧੱਕਾਮੁੱਕੀ ਕੀਤੀ। ਪ੍ਰਾਇਮਰੀ ਸਿੱਖਿਆ ਲਈ ਬੀਐੱਡ ਪਾਸ ਅਧਿਆਪਕਾਂ ਨੂੰ ਭਰਤੀ ਨਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋਧਪੁਰ ਹਾਈ ਕੋਰਟ ਦਾ ਫੈਸਲਾ ਵੀ ਆ ਚੁੱਕਾ ਹੈ।
ਅਧਿਆਪਕਾਂ ਨੂੰ ਰੋਕਣ ਲਈ ਪੁਲੀਸ ਵੱਲੋਂ ਲਾਏ ਬੈਰੀਕੇਡ ਚੁੱਕ ਕੇ ਪ੍ਰਦਰਸ਼ਨਕਾਰੀਆਂ ਨੇ ਪਾਸੇ ਸੁੱਟ ਦਿੱਤੇ ਤੇ ਬੇਰੁਜ਼ਗਾਰ ਲੜਕੀਆਂ ਦੌੜ ਕੇ ਭਾਜਪਾ ਦੇ ਚੋਣ ਦਫ਼ਤਰ ਅੱਗੇ ਚਲੇ ਗਈਆਂ। ਇਹ ਅਧਿਆਪਕ ਪਾਰਟੀ ਦਫਤਰ ਦੇ ਮੁੱਖ ਗੇਟ ਅੱਗੇ ਲੰਮਾ ਸਮਾਂ ਬੈਠੇ ਰਹੇ, ਜਿਸ ਕਰਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਸੋਮ ਪ੍ਰਕਾਸ਼ ਸਮੇਤ ਹੋਰ ਆਗੂ ਅੰਦਰ ਹੀ ਘਿਰੇ ਰਹੇ। ਥਾਣਾ ਡਿਵੀਜ਼ਨ ਨੰਬਰ-ਛੇ ਦੀ ਪੁਲੀਸ ਇਨ੍ਹਾਂ ਅਧਿਆਪਕਾਂ ਨੂੰ ਸਮਝਾਉਣ ’ਚ ਲੱਗੀ ਰਹੀ ਪਰ ਉਹ ਆਪਣੀਆਂ ਮੰਗਾਂ ’ਤੇ ਡਟੇ ਰਹੇ। ਮਗਰੋਂ ਸ਼ੇਖਾਵਤ ਨੇ ਬਾਹਰ ਆ ਕੇ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਜੋਧਪੁਰ ਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਫ਼ੈਸਲੇ ਇਕ-ਦੂਜੇ ਦੇ ਵਿਰੋਧੀ ਹਨ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਕੰਬੋਜ ਨੇ ਕਿਹਾ ਕਿ ਜੇ ਉਨ੍ਹਾਂ ਦੀ ਮੀਟਿੰਗ ਕੇਂਦਰੀ ਸਿੱਖਿਆ ਮੰਤਰੀ ਨਾਲ 5 ਜਨਵਰੀ ਤੋਂ ਪਹਿਲਾਂ ਨਾ ਕਰਵਾਈ ਗਈ ਤਾਂ ਉਹ ਪ੍ਰਧਾਨ ਮੰਤਰੀ ਦੀ ਰੈਲੀ ਦਾ ਡਟ ਕੇ ਵਿਰੋਧ ਕਰਨਗੇ।
ਅਧਿਆਪਕਾਂ ਨੇ ਦੱਸਿਆ ਕਿ ਈਟੀਟੀ ਟੈੱਟ ਪਾਸ ਅਧਿਆਪਕ ਪਹਿਲੀ ਤੋਂ ਪੰਜਵੀਂ ਜਮਾਤ ਤਕ ਪੜ੍ਹਾਈ ਕਰਵਾਉਂਦੇ ਹਨ ਜਦਕਿ ਬੀਐੱਡ ਅਧਿਆਪਕ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਪੜ੍ਹਾਉਂਦੇ ਹਨ। ਵੱਡੀ ਗਿਣਤੀ ਵਿਚ ਪਹੁੰਚੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਲੰਮਾ ਸਮਾਂ ਭਾਜਪਾ ਦੇ ਦਫਤਰ ਨੂੰ ਘੇਰਾ ਪਾਈ ਰੱਖਿਆ ਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਐੱਨਸੀਟੀਈ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਕਰਜ਼ੇ ਤੇ ਨਸ਼ਾ ਤਸਕਰੀ ਨੇ ਪੰਜਾਬ ਨੂੰ ਵੱਡੀ ਸੱਟ ਮਾਰੀ: ਸ਼ੇਖਾਵਤ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਭਾਜਪਾ ਦੇ ਚੋਣ ਦਫ਼ਤਰ ਵਿੱਚ ਵੱਖ-ਵੱਖ ਸੈੱਲਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਦੇ ਸੂਬਾ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕਰਜ਼ੇ ਦੇ ਬੋਝ ਅਤੇ ਨਸ਼ਾ ਤਸਕਰੀ ਨੇ ਪੰਜਾਬ ਦੇ ਅਕਸ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੱਤਾ ਵਿਚ ਆ ਕੇ ਪੰਜਾਬ ਦੀ ਪੁਰਾਣੀ ਸ਼ਾਨ ਮੁੜ ਬਹਾਲ ਕਰੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਤੇਜ਼ੀ ਨਾਲ ਸੂਬੇ ’ਚੋਂ ਪਰਵਾਸ ਕਰਨਾ ਚਿੰਤਾ ਦਾ ਵਿਸ਼ਾ ਹੈ। ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਸ਼ਾਸਨ ਕਾਰਨ ਲੋਕ ਕਾਂਗਰਸ ਸਰਕਾਰ ਤੋਂ ਮੂੰਹ ਮੋੜ ਚੁੱਕੇ ਹਨ। ਕੋਈ ਵੀ ਵਿਰੋਧੀ ਪਾਰਟੀ ਸੂਬੇ ਦੀ ਆਰਥਿਕਤਾ ਮੁੜ ਲੀਹ ’ਤੇ ਲਿਆਉਣ ਦੀ ਗੱਲ ਨਹੀਂ ਕਰਦੀ। ਵਿਰੋਧੀ ਧਿਰ ਸਿਰਫ ਵੋਟਾਂ ਬਟੋਰਨ ਲਈ ਮੁਫਤ ਚੀਜ਼ਾਂ ਦੇਣ ਦੇ ਐਲਾਨ ਕਰ ਕੇ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਇਤਿਹਾਸਕ ਹੋਵੇਗੀ।