ਬੀਐਸ ਚਾਨਾ/ਜਗਮੋਹਨ ਸਿੰਘ
ਸ੍ਰੀ ਕੀਰਤਪੁਰ ਸਾਹਿਬ/ ਘਨੌਲੀ, 7 ਦਸੰਬਰ
ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਭਰਤਗੜ੍ਹ ਵਿੱਚ ਚਾਚੇ ਵੱਲੋਂ ਆਪਣੇ ਭਤੀਜੇ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ।
ਇਸ ਸਬੰਧੀ ਏ.ਐੱਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਭਰਤਗੜ੍ਹ ਦੇ ਸਰਪੰਚ ਸੁਖਦੀਪ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਦੋ ਚਾਚਿਆਂ ਦੇ ਪਰਿਵਾਰ ਇਕੱਠੇ ਰਹਿੰਦੇ ਹਨ। ਉਸ (ਸੁਖਦੀਪ) ਦੇ ਚਾਚੇ ਵਤਨ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਵਤਨ ਸਿੰਘ ਦਾ ਪੁੱਤਰ ਅਮਰਜੋਤ ਸਿੰਘ ਦੂਜੇ ਚਾਚੇ ਵਿਸਾਖਾ ਸਿੰਘ ਨਾਲ ਉਸੇ ਘਰ ਵਿੱਚ ਰਹਿੰਦਾ ਹੈ। ਐੱਫਆਈਆਰ ਅਨੁਸਾਰ ਸੁਖਦੀਪ ਸਿੰਘ ਜਦੋਂ ਵਤਨ ਸਿੰਘ ਦੇ ਘਰ ਵੱਲ ਕਿਸੇ ਜ਼ਰੂਰੀ ਕੰਮ ਲਈ ਜਾ ਰਿਹਾ ਸੀ ਤਾਂ ਅਮਰਜੋਤ ਸਿੰਘ ਦੇ ਰਿਹਾਇਸ਼ੀ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਆ ਰਹੀ ਸੀ। ਜਦੋਂ ਉਸ ਨੇ ਦੇਖਿਆ ਤਾ ਵਿਸਾਖਾ ਸਿੰਘ ਲੋਹੇ ਦੀ ਪਾਈਪ ਨਾਲ ਅਮਰਜੋਤ ਸਿੰਘ ਦੇ ਮੂੂੰਹ ’ਤੇ ਵਾਰ ਕਰ ਰਿਹਾ ਸੀ। ਸੱਟਾਂ ਲੱਗਣ ਕਾਰਨ ਅਮਰਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਦੀ ਵਜ੍ਹਾ ਇਹ ਸੀ ਕਿ ਅਮਰਜੋਤ ਸਿੰਘ ਆਪਣੇ ਦੋਸਤਾਂ ਨੂੰ ਲੈ ਕੇ ਘਰ ਆਉਂਦਾ ਸੀ, ਵਿਸਾਖਾ ਸਿੰਘ ਮੁੰਡਿਆਂ ਨੂੰ ਘਰ ਆਉਣ ਤੋਂ ਰੋਕਦਾ ਸੀ। ਇਸ ਕਰਕੇ ਇਨ੍ਹਾਂ ਦੀ ਆਪਸ ਵਿੱਚ ਤਕਰਾਰ ਰਹਿੰਦੀ ਸੀ।
ਪੁਲੀਸ ਨੇ ਸੁਖਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਵਿਸਾਖਾ ਸਿੰਘ ਖ਼ਿਲਾਫ਼ ਧਾਰਾ 302 ਦਾ ਮਾਮਲਾ ਦਰਜ ਕਰ ਲਿਆ। ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਧਰ ਪੁਲੀਸ ਵੱਲੋਂ ਕਥਿਤ ਦੋਸ਼ੀ ਵਿਸਾਖਾ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।