ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 28 ਜਨਵਰੀ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਡਾ ਮਲਕੀਤ ਸਿੰਘ ਘੋਗਾ(45) ਦੀ ਦਿੱਲੀ ਮੋਰਚੇ ਤੋਂ ਪਰਤਣ ਮਗਰੋਂ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਲਕੀਤ ਸਿੰਘ ਦੇ ਪੁੱਤਰ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਦਿੱਲੀ ਮੋਰਚੇ ਦੌਰਾਨ ਉਨ੍ਹਾਂ ਦੇ ਪਿਤਾ ਦੀ ਸਿਹਤ ਨਾਸਾਜ਼ ਹੋ ਗਈ ਸੀ, ਜਿਸ ਕਾਰਨ ਉਹ ਬੁੱਧਵਾਰ ਸ਼ਾਮ ਪਰਤ ਆਏ ਸਨ। ਬੀਤੀ ਦੇਰ ਰਾਤ ਦਿਲ ਦਾ ਦੌਰਾ ਪੈਣ ’ਤੇ ਮਲਕੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਲਕੀਤ ਸਿੰੰਘ ਦੇ ਪਰਿਵਾਰ ਵਿੱਚ ਪਤਨੀ, ਇੱਕ ਧੀ ਤੇ ਇੱਕ ਪੁੱਤਰ ਹੈ। ਪਰਿਵਾਰ ਕੋਲ ਢਾਈ ਏਕੜ ਜ਼ਮੀਨ ਹੈ। ਅੱਜ ਮਲਕੀਤ ਸਿੰਘ ਦਾ ਸਸਕਾਰ ਪਿੰਡ ਘੋਗਾ ਵਿੱਚ ਕਰ ਦਿੱਤਾ ਗਿਆ।
ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਦਿੱਲੀ ਸੰਘਰਸ਼ ’ਚੋਂ ਪਰਤੇ ਪਿੰਡ ਚਨਾਰਥਲ ਕਲਾਂ ਦੇ ਵਸਨੀਕ ਕਿਸਾਨ ਗੁਰਸ਼ੇਰ ਸਿੰਘ(40) ਦੀ ਮੌਤ ਹੋ ਗਈ। ਕਿਸਾਨ ਗੁਰਸ਼ੇਰ ਸਿੰਘ ਦੇ ਪੁੱਤਰ ਹਰਕੀਰਤ ਸਿੰਘ ਨੇ ਦੱਸਿਆ ਕਿ ਦਿੱਲੀ ਮੋਰਚੇ ’ਚ ਪੀਲੀਆ ਹੋਣ ਕਾਰਨ ਤਬੀਅਤ ਵਿਗੜਨ ’ਤੇ ਉਨ੍ਹਾਂ ਦੇ ਪਿਤਾ 25 ਜਨਵਰੀ ਨੂੰ ਪਿੰਡ ਪਰਤੇ ਸਨ। ਗੁਰਸ਼ੇਰ ਸਿੰਘ ਨੂੰ ਇਲਾਜ ਲਈ ਰਾਜਪੁਰਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹਰਕੀਰਤ ਸਿੰਘ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਉਸ ਤੋਂ ਡੇਢ ਸਾਲ ਵੱਡੀ ਭੈਣ ਕਾਲਜ ਪੜ੍ਹਦੀ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।