ਖੇਤਰੀ ਪ੍ਰਤੀਨਿਧ
ਪਟਿਆਲਾ, 5 ਦਸੰਬਰ
ਕਿਸਾਨਾਂ ਦੀ ਹਮਾਇਤ ’ਤੇ ਉਤਰਦਿਆਂ ਦੇਸ਼ ਭਰ ਦੇ ਟਰੱਕ ਅਪਰੇਟਰ 7 ਦਸੰਬਰ ਨੂੰ ਜੰਮੂ ਸ੍ਰੀਨਗਰ ਦੇ ਮਾਧੋਪੁਰ ਬਾਰਡਰ ਬੰਦ ਕਰਨਗੇ, ਜਦ ਕਿ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੇ ਸਮਰਥਨ ’ਚ 8 ਦਸੰਬਰ ਨੂੰ ਦੇਸ਼ ਭਰ ਦੇ ਟਰੱਕ ਅਪਰੇਟਰਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਇਹ ਜਾਣਕਾਰੀ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਜਾਰੀ ਕੀਤੇ ਲਿਖਤੀ ਬਿਆਨ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਕੁਲਤਰਨ ਸਿੰਘ ਅਟਵਾਲ ਦੀ ਅਗਵਾਈ ਹੇਠਾਂ ਸਾਰੇ ਸੂਬਿਆਂ ਦੇ ਪ੍ਰਧਾਨਾਂ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਲਿਆ ਗਿਆ ਹੈ। ਕਿਸਾਨਾਂ ਦੀ ਕੌਮੀ ਕਮੇਟੀ ਦੇ ਨੁਮਾਇੰਦੇ ਜਗਮੋਹਣ ਸਿੰਘ ਪਟਿਆਲਾ ਨੇ ਟਰੱਕ ਅਪਰੇਟਰਾਂ ਵੱਲੋਂ ਹਮਾਇਤ ਦੇਣ ਦੀ ਪੁਸ਼ਟੀ ਕੀਤੀ ਹੈ।