ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਦਸੰਬਰ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਨਜ਼ਦੀਕ ਆਉਂਦਾ ਦੇਖ ਤ੍ਰਿਣਮੂਲ ਕਾਂਗਰਸ ਅਤੇ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸਾਂਝੇ ਤੌਰ ’ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ‘ਜੈ ਜਵਾਨ ਜੈ ਕਿਸਾਨ ਪਾਰਟੀ’ 87 ਸੀਟਾਂ ਅਤੇ ਤ੍ਰਿਣਮੂਲ ਕਾਂਗਰਸ 30 ਸੀਟਾਂ ’ਤੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਜੈ ਜਵਾਨ ਜੈ ਕਿਸਾਨ ਪਾਰਟੀ ਦੇ ਕੌਮੀ ਪ੍ਰਧਾਨ ਡਾ. ਬਲਜੀਤ ਸਿੰਘ ਔਲਖ ਅਤੇ ਟੀਐੱਮਸੀ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਨੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਜਲਾਲਾਬਾਦ ਤੋਂ ਗੁਰਚਰਨ ਸਿੰਘ ਸ਼ੋਰੀਚੱਕਰ, ਲੁਧਿਆਣਾ ਕੇਂਦਰੀ ਤੋਂ ਸਤੀਸ਼ ਕੁਮਾਰ, ਪਾਇਲ ਤੋਂ ਰਾਜਦੀਪ ਕੌਰ ਕਾਲੀਆ, ਮਾਲੇਰਕੋਟਲਾ ਤੋਂ ਬੱਗਾ ਖਾਨ, ਦਿੜ੍ਹਬਾ ਤੋਂ ਅਮਨਪ੍ਰੀਤ ਸਿੰਘ ਸਿੱਧੂ, ਸ੍ਰੀ ਆਨੰਦਪੁਰ ਸਾਹਿਬ ਤੋਂ ਮਲਕੀਤ ਸਿੰਘ ਛੱਜਾ, ਨਵਾਂ ਸ਼ਹਿਰ ਤੋਂ ਪਰਮਜੀਤ ਸਿੰਘ ਉਮੀਦਵਾਰ ਹੋਣਗੇ।