ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਗਸਤ
ਪ੍ਰਗਤੀਸ਼ੀਲ ਲੇਖਕ ਸੰਘ ਤੇ ਇਪਟਾ ਵੱਲੋਂ ਪ੍ਰਸਿੱਧ ਰੰਗਕਰਮੀ, ਉੱਘੇ ਇਤਿਹਾਸਕਾਰ ਤੇ ਨਾਟ ਨਿਰਦੇਸ਼ਕ ਕਾਮਰੇਡ ਰਣਬੀਰ ਸਿੰਘ ਨੂੰ ਪੀਪਲਜ਼ ਕਨਵੈਨਸ਼ਨ ਹਾਲ ਚੰਡੀਗੜ੍ਹ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਦੋ ਮਿੰਟ ਦਾ ਮੌਨ ਰੱਖਿਆ ਗਿਆ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਾਮਰੇਡ ਰਣਵੀਰ ਸਿੰਘ ਦੀ ਸ਼ਖ਼ਸੀਅਤ ਬਾਰੇ ਚਾਨਣਾ ਅਤੇ ਉਨ੍ਹਾਂ ਨਾਲ ਜੁੜੀਆਂ ਨਿੱਜੀ ਯਾਦਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਉੱਚ ਘਰਾਣੇ ਨਾਲ ਸਬੰਧਤ ਹੁੰਦਿਆਂ ਹੋਇਆਂ ਵੀ ਗ਼ਰੀਬ ਤਬਕੇ ਬਾਰੇ ਰਚਨਾਵਾਂ ਲਿਖਦੇ ਸਨ ਅਤੇ ਉਨ੍ਹਾਂ ਵਿੱਚ ਵਿਚਰਦੇ ਸਨ। ਉਹ ਰਾਜਸੀ ਤੌਰ ’ਤੇ ਚੇਤੰਨ ਨਾਟਕਕਾਰ ਤੇ ਰੰਗਕਰਮੀ ਸਨ। ਡਾ. ਸਿਰਸਾ ਨੇ ਉਨ੍ਹਾਂ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਦੱਸਿਆ ਕਿ ਰਣਵੀਰ ਸਿੰਘ ਦੀ ਦ੍ਰਿਸ਼ਟੀ ਲੋਕ-ਪੱਖੀ ਸੀ। ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਮਿਥਿਹਾਸ ਨਾਲ ਸਬੰਧਤ ਰਚਨਾਵਾਂ ਵਿਚ ਉਨ੍ਹਾਂ ਨੇ ਬੜੀ ਚੇਤਨਤਾ ਨਾਲ ਆਪਣੀ ਰਾਜਸੀ ਦ੍ਰਿਸ਼ਟੀ ਦਿਖਾਈ ਹੈ। ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਦੱਸਿਆ ਕਿ ਰਣਬੀਰ ਸਿੰਘ ਇਕ ਕੋਮਲ ਦਿਲ ਇਨਸਾਨ, ਸੁਜੱਗ ਨਾਟਕਕਾਰ, ਸਫ਼ਲ ਪ੍ਰਬੰਧਕ, ਧਰਾਤਲ ਨਾਲ ਜੁੜੇ ਵਿਅਕਤੀ, ਸੰਸਥਾਈ ਕਾਰਜਾਂ ’ਚ ਕੁਸ਼ਲ, ਇੱਕ ਬਿਹਤਰੀਨ ਅਦਾਕਾਰ ਤੇ ਉੱਘੇ ਇਤਿਹਾਸਕਾਰ ਸਨ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅਜੋਕੇ ਸੰਕਟਮਈ ਦੌਰ ਵਿੱਚ ਜਦੋਂ ਪ੍ਰਗਤੀਸ਼ੀਲ ਧਿਰਾਂ ਹਾਸ਼ੀਏ ’ਤੇ ਜਾ ਰਹੀਆਂ ਹਨ, ਅਜਿਹੇ ਇਨਸਾਨ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ। ਸ਼ਰਧਾਂਜਲੀ ਸਮਾਗਮ ਵਿੱਚ ਡਾ. ਲਾਭ ਸਿੰਘ ਖੀਵਾ, ਡਾ. ਗੁਰਮੇਲ ਸਿੰਘ, ਜਸਪਾਲ ਮਾਨਖੇੜਾ, ਡਾ. ਦਵਿੰਦਰ ਬੋਹਾ, ਜੈਪਾਲ, ਭਜਨਵੀਰ ਸਿੰਘ, ਪ੍ਰੋ. ਜਤਿੰਦਰ ਸਿੰਘ, ਪ੍ਰੋ. ਰਾਜਿੰਦਰ ਸਿੰਘ, ਪ੍ਰੋ. ਬਲਵਿੰਦਰ ਚਹਿਲ ਤੇ ਹੋਰ ਹਾਜ਼ਰ ਸਨ।