ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੂਨ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੌਮੀ ਮਾਰਗ ’ਤੇ ਗੱਡੀ ’ਤੇ ਸਟੰਟ ਮਾਰਨ ਕਰਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਬੇਸ਼ੱਕ ਟਰਾਂਸਪੋਰਟ ਮੰਤਰੀ ਨੇ ਇਸ ਮਾਮਲੇ ’ਤੇ ਆਪਣੀ ਸਫ਼ਾਈ ਦੇ ਦਿੱਤੀ ਹੈ, ਪਰ ਵਿਰੋਧੀ ਧਿਰਾਂ ਨੇ ਇਹ ਮੌਕਾ ਖੁੰਝਣ ਨਹੀਂ ਦਿੱਤਾ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਕੌਮੀ ਸੜਕ ’ਤੇ ਲਾਲਜੀਤ ਸਿੰਘ ਭੁੱਲਰ ਤੇਜ਼ ਰਫ਼ਤਾਰ ਗੱਡੀ ਦੀ ਸਨਰੂਫ ’ਤੇ ਬੈਠੇ ਹੱਥ ਹਿਲਾਉਂਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਗੰਨਮੈਨ ਵੀ ਗੱਡੀ ’ਚੋਂ ਬਾਹਰ ਨਿਕਲੇ ਬੈਠੇ ਹਨ।
ਵੀਡੀਓ ਵਿੱਚ ਪੰਜਾਬੀ ਗਾਣਾ ਵੀ ਚੱਲ ਰਿਹਾ ਹੈ। ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਲੋਕ ਕਾਂਗਰਸ ਦੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਟਵੀਟ ਕੀਤਾ ਹੈ ਕਿ ਜਦੋਂ ਕਾਨੂੰਨ ਹੀ ਕਾਨੂੰਨ ਨੂੰ ਹੱਥ ਵਿੱਚ ਲਵੇਗਾ ਤਾਂ ਕਾਨੂੰਨ ਕੀ ਕਰੇਗਾ। ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਤੋੜਨ ਵਾਲੇ ਬਣ ਗਏ ਹਨ। ਦੱਸਣਯੋਗ ਹੈ ਕਿ ਕੌਮੀ ਸੜਕ ’ਤੇ ਚੱਲਦੀ ਗੱਡੀ ਵਿੱਚ ਸਟੰਟ ਕਰਨਾ ਸੜਕੀ ਨਿਯਮਾਂ ਦੀ ਉਲੰਘਣਾ ਹੈ। ਵਾਇਰਲ ਵੀਡੀਓ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਵੀ ਆਪਣੀ ਜਾਨ ਜੋਖ਼ਮ ਵਿੱਚ ਪਾਈ ਹੋਈ ਹੈ। ਵਿਰੋਧੀ ਆਖ ਰਹੇ ਹਨ ਕਿ ਟਰਾਂਸਪੋਰਟ ਮੰਤਰੀ ਆਖ਼ਰ ਸਾਬਤ ਕੀ ਕਰਨਾ ਚਾਹੁੰਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਆਖਦੇ ਹਨ ਕਿ ਟਰਾਂਸਪੋਰਟ ਮੰਤਰੀ ਇਹ ਭੁੱਲ ਗਏ ਹਨ ਕਿ ਉਹ ਉਸ ਮਹਿਕਮੇ ਦੇ ਮੰਤਰੀ ਹਨ, ਜਿਸ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਸਿੱਖਿਆ ਦੇਣੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਟਰਾਂਸਪੋਰਟ ਮੰਤਰੀ ਖ਼ਿਲਾਫ਼ ਐਕਸ਼ਨ ਕੌਣ ਲਵੇਗਾ। ਚੇਤੇ ਰਹੇ ਕਿ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫ਼ੀ ਸ਼ੇਅਰ ਹੋ ਰਹੀ ਹੈ।
ਵਿਰੋਧੀ ਧਿਰਾਂ ਨੇ ਪੁਰਾਣੀ ਵੀਡੀਓ ਵਾਇਰਲ ਕੀਤੀ: ਭੁੱਲਰ
ਪੱਟੀ (ਬੇਅੰਤ ਸਿੰਘ ਸੰਧੂ): ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਵੀਡੀਓ ਲਗਪਗ ਤਿੰਨ ਮਹੀਨੇ ਪਹਿਲਾਂ ਦੀ ਹੈ, ਜਦੋਂ ਉਹ ਪੱਟੀ ਹਲਕੇ ਤੋਂ ਵਿਧਾਇਕ ਬਣੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਭੁੱਲਰ ਨੇ ਕਿਹਾ ਕਿ ਜਿੱਤਣ ਮਗਰੋਂ ਜਦੋਂ ਉਹ ਆਪਣੇ ਹਲਕੇ ਵਿੱਚ ਗਏ ਸਨ ਤਾਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਤੇ ਉਹ ਇੱਕ ਨਿੱਜੀ ਗੱਡੀ ’ਤੇ ਆਪਣੇ ਸਮਰਥਕਾਂ ਦਾ ਧੰਨਵਾਦ ਕਬੂਲ ਰਹੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ 15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸਾਂ ਦਾ ਰੂਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਕਰਕੇ ਟਰਾਂਸਪੋਰਟ ਮਾਫ਼ੀਏ ’ਚ ਸ਼ਾਮਲ ਪੰਜਾਬ ਦੀਆਂ ਰਿਵਾਇਤੀ ਸਿਆਸੀ ਧਿਰਾਂ ਵੱਲੋਂ ਪੁਰਾਣੀ ਵੀਡੀਓ ਵਾਇਰਲ ਕਰਕੇ ਨੀਵੇ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਸੂਬੇ ਵਿੱਚ ਬਣੀ ‘ਆਪ’ ਸਰਕਾਰ ਪਿਛਲੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਭ੍ਰਿਸ਼ਟਾਚਾਰ ਦੀਆਂ ਪੋਲਾਂ ਖੋਲ੍ਹ ਰਹੀ ਹੈ, ਜਿਸ ਕਰਕੇ ਵਿਰੋਧੀ ਧਿਰਾਂ ਵੱਲੋਂ ਬੁਖਲਾਹਟ ਵਿੱਚ ਅਜਿਹੇ ਪੈਂਤੜੇ ਚੱਲੇ ਜਾ ਰਹੇ ਹਨ।