ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜੂਨ
ਪੰਜਾਬ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨ ਸੈੱਲ ਨੇ ਪਟਿਆਲਾ ਜ਼ਿਲ੍ਹੇ ਵਿੱਚੋਂ ‘ਖ਼ਾਲਿਸਤਾਨ ਲਬਿਰੇਸ਼ਨ ਫਰੰਟ’ (ਕੇ.ਐੱਲ.ਐੱਫ) ਦੇ ਤਿੰਨ ਮੈਂਬਰਾਂ ਨੂੰ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਇਨ੍ਹਾਂ ਅਤਿਵਾਦੀਆਂ ਨੇ ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਯੋਜਨਾ ਸੀ। ਸਰਕਾਰੀ ਬੁਲਾਰੇ ਨੇ ਪਟਿਆਲਾ ਵਿੱਚ ਮੀਡੀਆ ਨੂੰ ਇਹ ਜਾਣਕਾਰੀ ਦੌਰਾਨ ਡੀਜੀਪੀ ਦਿਨਕਰ ਗੁਪਤਾ ਦੇ ਹਵਾਲੇ ਨਾਲ ਜਾਰੀ ਕੀਤੀ। ਦੱਸਿਆ ਗਿਆ ਹੈ ਕਿ ਪਾਕਿਸਤਾਨ, ਸਾਊਦੀ ਅਰਬ ਅਤੇ ਯੂ.ਕੇ. ਆਧਾਰਿਤ ਖ਼ਾਲਿਸਤਾਨੀ ਪੱਖੀ ਅਨਸਰਾਂ ਦੇ ਇਸ਼ਾਰੇ ’ਤੇ ਇਨ੍ਹਾਂ ਅਤਿਵਾਦੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ। ਮੁਲਜ਼ਮਾਂ ਦੀ ਪਛਾਣ ਸੁਖਚੈਨ ਸਿੰਘ ਵਾਸੀ ਪਿੰਡ ਸੇਹਰਾ ਜ਼ਿਲ੍ਹਾ ਪਟਿਆਲਾ, ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਅਚਾਨਕ ਜ਼ਿਲ੍ਹਾ ਮਾਨਸਾ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਬੋਰੇਵਾਲ ਥਾਣਾ ਮਜੀਠਾ ਵਜੋਂ ਹੋਈ ਹੈ। ਇਨ੍ਹਾਂ ਦੇ ਇੱੱਕ ਸਾਥੀ ਲਵਪ੍ਰੀਤ ਸਿੰਘ ਵਾਸੀ ਕੈਥਲ ਨੂੰ ਦੋ ਦਿਨ ਪਹਿਲਾਂ ਦਿੱਲੀ ਪੁਲੀਸ ਨੇ ਦੋ ਹੋਰ ਮੈਂਬਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬਿਆਨ ਅਨੁਸਾਰ ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਅਤੇ ਫਿਰ ਪਾਕਿਸਤਾਨ ਆਧਾਰਿਤ ਸੰਚਾਲਕਾਂ ਦੇ ਸੰਪਰਕ ਵਿੱਚ ਆ ਗਏ। ਪਾਕਿਸਤਾਨੀ ਸੰਚਾਲਕਾਂ ਨੇ ਇਨ੍ਹਾਂ ਨੂੰ ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਭੜਕਾਇਆ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਟਿਆਲਾ ਦੇ ਥਾਣਾ ਸਦਰ ਸਮਾਣਾ ਵਿਚ ਗ਼ੈਰਕਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 13,16,18,20 ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਕੀਤਾ ਹੈ।
ਤਿੰਨਾਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਅਦਾਲਤ ਵਿਚ ਪੇਸ਼ ਕਰਕੇ ਲੰਮੇ ਰਿਮਾਂਡ ਦੀ ਮੰਗ ਕੀਤੀ ਗਈ। ਅਦਾਲਤ ਨੇ ਤਿੰਨਾਂ ਦਾ 3 ਜੁਲਾਈ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪਟਿਆਲਾ ਦੇ ਐੱਸ.ਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲੀਸ ਵਲੋਂ ਮੁਲਜ਼ਮਾਂ ਦੇ ਕਰੋਨਾ ਸਬੰਧੀ ਟੈਸਟ ਵੀ ਕਰਵਾਏ ਜਾ ਰਹੇ ਹਨ।