ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਨਵੰਬਰ
ਅਮਰੀਕਾ ਦੇ ਸੂਬੇ ਕਨੈਕਟੀਕਟ ਤੋਂ ਬਾਅਦ ਹੁਣ ਮੈਸੇਚਿਊਸਟਸ ਸਟੇਟ ਅਸੈਂਬਲੀ ਦੇ ਸਪੀਕਰ ਰੌਬਰਟ ਏ ਡੀਲੀਓ ਨੇ ਵੀ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਹੈ।
ਇਸ ਸਬੰਧੀ ਸਿੱਖ ਜਥੇਬੰਦੀ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਇੱਕ ਬਿਆਨ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਵੈੱਲਫੇਅਰ ਕੌਂਸਲ ਦੀ ਨੁਮਾਇੰਦਗੀ ਕਰਦੇ ਗੁਰਿੰਦਰ ਸਿੰਘ ਧਾਲੀਵਾਲ ਨੇ ਖ਼ੁਲਾਸਾ ਕੀਤਾ ਕਿ ਮੈਸੇਚਿਊਸਟਸ ਸਟੇਟ ਅਸੈਂਬਲੀ ਦੇ ਸਪੀਕਰ ਨੇ ਆਖਿਆ ਕਿ ਉਹ ਨਵੰਬਰ 1984 ਵਿਚ ਭਾਰਤ ’ਚ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਮੰਨਦੇ ਹਨ। ਸਿੱਖ ਆਗੂਆਂ ਨੇ ਮੈਸੇਚਿਊਸਟਸ ਦੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ਨੇ ਸਦਨ ਵਿੱਚ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਅਤੇ ਇਸ ਪ੍ਰਮਾਣ ਪੱਤਰ ਨੂੰ ਹਾਸਲ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸਲਕੁਸ਼ੀ ਕਰਨ ਵਾਲੇ ਦੇਸ਼ ਨੂੰ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਨਵੰਬਰ 1984 ਦਾ ਮਹੀਨਾ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਅਮਰੀਕਾ ਦੇ ਹੋਰ ਸੂਬਿਆਂ ਵਿਚ ਵਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਦੋਸਤਾਂ, ਪਰਿਵਾਰਾਂ ਅਤੇ ਰਾਜਨੀਤਕ ਨੁਮਾਇੰਦਿਆਂ ਨੂੰ 1984 ਵਿਚ ਵਾਪਰੀ ਘਟਨਾ ਤੋਂ ਜਾਣੂ ਕਰਾਉਣ।