ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਸਤੰਬਰ
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦੇ ਰਹੇ ਸਿੱਖਾਂ ਦੇ ਹੱਕ ਵਿਚ ਆਏ ਕੁਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਤਕਰਾਰ ਤੋਂ ਬਾਅਦ ਹੋਏ ਝਗੜੇ ਵਿਚ ਕੁਝ ਨਿਹੰਗ ਸਿੰਘ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। ਇਸ ਦੌਰਾਨ ਟਾਸਕ ਫੋਰਸ ਦੇ ਕਰਮਚਾਰੀਆਂ ਵਲੋਂ ਮੀਡੀਆ ਕਰਮੀਆਂ ਨਾਲ ਵੀ ਦੁਰਵਿਹਾਰ ਕੀਤਾ ਗਿਆ ਹੈ। ਧਰਨਾਕਾਰੀਆਂ ਵਲੋਂ ਜਾਰੀ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਨੇ ਤਿੰਨ ਪਾਸੇ ਉੱਚੀਆਂ ਟੀਨਾਂ (ਬੈਰੀਕੇਡ) ਲਾ ਕੇ ਧਰਨਾ ਦੇ ਰਹੇ ਸਿੱਖ ਕਾਰਕੁਨਾਂ ਨੂੰ ਵੀ ਅਲੱਗ-ਥਲੱਗ ਕਰ ਦਿੱਤਾ ਹੈ। ਲਾਪਤਾ ਸਰੂਪਾਂ ਦੀ ਜਾਂਚ ਰਿਪੋਰਟ ਵਿਚ ਦੱਸੇ ਗਏ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਲਈ ਕੇ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਕੱਲ੍ਹ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਹਨ। ਰਾਤ ਵੇਲੇ ਜਦੋਂ ਧਰਨਾਕਾਰੀ ਘੱਟ ਗਿਣਤੀ ਵਿਚ ਰਹਿ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਨਿਵਾਸ, ਗੁਰਦੁਆਰਾ ਬਾਬਾ ਅਟਲ ਰਾਏ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੇ 10 ਫੁੱਟ ਉੱਚੀਆਂ ਟੀਨਾਂ ਲਾ ਕੇ ਇਧਰ ਆਉਣ ਵਾਲੇ ਰਸਤੇ ਰੋਕ ਦਿੱਤੇ ਹਨ, ਜਿਸ ਨਾਲ ਧਰਨਾਕਾਰੀ ਅਲੱਗ ਥਲਗ ਹੋ ਕੇ ਰਹਿ ਗਏ ਹਨ। ਸਵੇਰ ਵੇਲੇ ਜਦੋਂ ਧਰਨਾਕਾਰੀਆਂ ਦੇ ਸਮਰਥਨ ਵਿਚ ਕੁਝ ਨਿਹੰਗ ਸਿੰਘ ਪੁੱਜੇ ਤਾਂ ਉਨ੍ਹਾਂ ਨੇ ਰਸਤਾ ਬੰਦ ਦੇਖ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨੇ ’ਤੇ ਬੈਠ ਗਏ। ਇਨ੍ਹਾਂ ਨੇ ਇਥੇ ਹੀ ਕੁਝ ਬੈਨਰ ਵੀ ਲਾਏ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ‘ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਸ਼ਰਮ ਕਰੋ’। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਈ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਪਹਿਲਾਂ ਇਹ ਬੈਨਰ ਇਥੋਂ ਹਟਾਏ, ਜਿਸ ਨਾਲ ਨਿਹੰਗਾਂ ਅਤੇ ਇਨ੍ਹਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਹ ਤਕਰਾਰ ਝਗੜੇ ਵਿਚ ਬਦਲ ਗਈ। ਇਕ ਨਿਹੰਗ ਨੇ ਕਿਰਪਾਨ ਖਿੱਚ ਲਈ ਅਤੇ ਹਮਲਾ ਕੀਤਾ, ਜਿਸ ਨੂੰ ਰੋਕਦਿਆਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਸ ਨਿਹੰਗ ਸਮੇਤ ਹੋਰਨਾਂ ਦੀ ਮਾਰਕੁੱਟ ਕੀਤੀ ਅਤੇ ਕਈਆਂ ਦੀ ਦਸਤਾਰ ਵੀ ਉਤਰ ਗਈ। ਇਸ ਕਾਰਵਾਈ ਵਿਚ ਕੁਝ ਨਿਹੰਗ ਜ਼ਖਮੀ ਵੀ ਹੋਏ ਅਤੇ ਟਾਸਕ ਫੋਰਸ ਨੇ ਇਨ੍ਹਾਂ ਨੂੰ ਭਜਾ ਦਿੱਤਾ। ਇਸ ਦੌਰਾਨ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਵੀ ਖਿੱਚ-ਧੂਹ ਕੀਤੀ ਗਈ ਅਤੇ ਕੈਮਰੇ ਖੋਹਣ ਦਾ ਵੀ ਯਤਨ ਕੀਤਾ।
ਇਸ ਘਟਨਾ ਦੀ ਵੀਡਿਓ ਵਾਇਰਲ ਹੋਣ ਮਗਰੋਂ ਧਰਨਾਕਾਰੀਆਂ ਦੇ ਹੋਰ ਵੀ ਸਮਰਥਕ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨਾ ਦੇ ਦਿੱਤਾ। ਲੋਕ ਇਨਸਾਫ ਪਾਰਟੀ ਦੇ ਜਗਜੋਤ ਸਿੰਘ ਤੇ ਉਨ੍ਹਾਂ ਦੇ ਸਮਰਥਕ ਵੀ ਪੁੱਜੇ ਸਨ। ਹਵਾਰਾ ਕਮੇਟੀ ਦੇ ਆਗੂਆਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਘਟਨਾ ਦੀ ਵੱਖ ਵੱਖ ਜਥੇਬੰਦੀਆਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ 328 ਸਰੂਪਾਂ ਦਾ ਵੇਰਵਾ ਸਿੱਖ ਸੰਗਤ ਨੂੰ ਦੇਣਾ ਚਾਹੀਦਾ ਹੈ।