ਗੁਰਦੀਪ ਸਿੰਘ ਲਾਲੀ/ਜਸਵੰਤ ਸਿੰਘ ਗਰੇਵਾਲ
ਜਖੇਪਲ (ਸੰਗਰੂਰ), 27 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸੂਬਾ ਪੱਧਰੀ ਤਿੰਨ ਰੋਜ਼ਾ ਕਾਨਫਰੰਸ ਅੱਜ ਆਖ਼ਰੀ ਦਿਨ ਫੁਟਪਾਊ ਏਜੰਡੇ, ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਪ੍ਰਸ਼ਾਸਕੀ ਜਬਰ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢਣ ਅਤੇ ਖੱਬੇ ਪੱਖੀ ਧਿਰਾਂ ਦੀ ਏਕਤਾ ਲਈ ਯਤਨ ਕਰਨ ਦਾ ਅਹਿਦ ਲੈਣ ਨਾਲ ਸਮਾਪਤ ਹੋ ਗਈ। ਕਾਨਫਰੰਸ ’ਚ ਉੱਚੇਰੀ ਵਿਚਾਰਧਾਰਕ ਤੇ ਸਿਧਾਂਤਕ ਸੂਝ ਨਾਲ ਲੈਸ ਮਜ਼ਬੂਤ ਪਾਰਟੀ ਉਸਾਰਨ ਦਾ ਸੱਦਾ ਵੀ ਦਿੱਤਾ ਗਿਆ। ਇਤਿਹਾਸਕ ਨਗਰ ਜਖੇਪਲ ਵਿੱਚ ਕਰਵਾਈ ਗਈ ਕਾਨਫਰੰਸ ਦੌਰਾਨ ਸ਼ਹੀਦ ਊਧਮ ਸਿੰਘ ਨਗਰ, ਗ਼ਦਰੀ ਬੀਬੀ ਗੁਲਾਬ ਕੌਰ ਹਾਲ ਅਤੇ ਕਾਮਰੇਡ ਸਤਵੰਤ ਸਿੰਘ ਮੰਚ ’ਤੇ ਸੂਬੇ ਭਰ ਤੋਂ ਡੈਲੀਗੇਟ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਆਰਐੱਸਐੱਸ ਦੇ ਫਿਰਕੂ-ਫਾਸ਼ੀ, ਫੁਟਪਾਊ ਏਜੰਡੇ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਪ੍ਰਸ਼ਾਸਕੀ ਜਬਰ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢਣ ਦਾ ਅਹਿਦ ਲਿਆ। ਪਾਰਟੀ ਆਗੂਆਂ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ, ਮਹੀਪਾਲ, ਪ੍ਰੋ. ਜੈਪਾਲ ਸਿੰਘ ਅਤੇ ਸਤਨਾਮ ਸਿੰਘ ਅਜਨਾਲਾ ਨੇ ਕੇਂਦਰ ਸਰਕਾਰ ਦੀਆਂ ਤਬਾਹਕੁਨ ਨੀਤੀਆਂ ‘ਤੇ ਇੰਨ-ਬਿੰਨ ਅਮਲ ਕਰਨ ਵਾਲੀ ਮਾਨ ਸਰਕਾਰ ਦੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਖ਼ਿਲਾਫ਼ ਪਾਰਟੀ ਅਤੇ ਜਨਤਕ ਫਰੰਟਾਂ ਵੱਲੋਂ ਤਿੱਖੇ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ। ਕਾਨਫਰੰਸ ’ਚ ਲਾਲ ਝੰਡੇ ਦੀ ਲਹਿਰ ਲਈ ਸਮੁੱਚਾ ਜੀਵਨ ਕੁਰਬਾਨ ਕਰਨ ਵਾਲੇ ਸਤਨਾਮ ਰਾਏ, ਸਾਥੀ ਤੇਜਾ ਸਿੰਘ ਬੇਨੜਾ ਅਤੇ ਸਾਥੀ ਗੱਜਣ ਸਿੰਘ ਦੁੱਗਾਂ ਨੇ ਡੈਲੀਗੇਟਾਂ ਦਾ ਉਤਸ਼ਾਹ ਵਧਾਇਆ। ਪਹਿਲੇ ਦਿਨ ਪੇਸ਼ ਕੀਤੀ ਰਿਪੋਰਟ ‘ਤੇ ਹੋਈ ਬਹਿਸ ‘ਚ ਭਾਗ ਲੈਣ ਵਾਲੇ 64 ਡੈਲੀਗੇਟਾਂ ਵੱਲੋਂ ਉਠਾਏ ਨੁਕਤਿਆਂ ਦੇ ਪਰਗਟ ਸਿੰਘ ਜਾਮਾਰਾਏ ਨੇ ਜਵਾਬ ਦਿੱਤੇ ਤੇ ਸਰਬਸੰਮਤੀ ਨਾਲ ਰਿਪੋਰਟ ’ਤੇ ਸਹਿਮਤੀ ਪ੍ਰਗਟਾਈ। ਇਸ ਦੌਰਾਨ ਰਾਜ ਭਰ ’ਚੋਂ ਪੁੱਜੇ ਡੈਲੀਗੇਟਾਂ ਨੇ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ, ਪਰਗਟ ਸਿੰਘ ਜਾਮਾਰਾਏ ਨੂੰ ਸਕੱਤਰ ਅਤੇ ਪ੍ਰੋ. ਜੈਪਾਲ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਆਗੂਆਂ ਨੇ ਸਮਾਪਤੀ ਮੌਕੇ ਕਾਨਫਰੰਸ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਵਾਲੀਆਂ ਜਥੇਬੰਦੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।