ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਗੁਜਰਾਤ ਅਤੇ ਰਾਜਸਥਾਨ ਦੀਆਂ ਗੁਰਦੁਆਰਾ ਕਮੇਟੀਆਂ ਦੀ ਮੰਗ ’ਤੇ ਗੁਰੂ ਗ੍ਰੰਥ ਸਾਹਿਬ ਦੇ 250 ਪਾਵਨ ਸਰੂਪ ਵਿਸ਼ੇਸ਼ ਬੱਸ ਰਾਹੀਂ ਦੋਵਾਂ ਸੂਬਿਆਂ ਲਈ ਰਵਾਨਾ ਕੀਤੇ ਹਨ। ਇਨ੍ਹਾਂ ਪਾਵਨ ਸਰੂਪਾਂ ਵਿੱਚੋਂ ਗੁਜਰਾਤ ਸਿੱਖ ਫਾਊਂਡੇਸ਼ਨ ਨੂੰ ਅਹਿਮਦਾਬਾਦ ਅਤੇ ਇਸ ਦੇ ਨਜ਼ਦੀਕ ਵੱਖ-ਵੱਖ ਗੁਰਦੁਆਰਿਆਂ ਲਈ 100, ਬੜੌਦਾ ਦੇ ਗੁਰਦੁਆਰਿਆਂ ਲਈ 50 ਅਤੇ ਰਾਜਸਥਾਨ ਦੇ ਗੁਰਦੁਆਰਿਆਂ ਲਈ 100 ਸਰੂਪ ਦਿੱਤੇ ਜਾਣਗੇ। ਇਹ ਮਾਮਲਾ ਬੀਤੇ ਦਿਨ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਦੋਵਾਂ ਸੂਬਿਆਂ ਵਿੱਚ ਪਾਵਨ ਸਰੂਪ ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਪਾਵਨ ਸਰੂਪ ਇੱਥੇ ਅਰਦਾਸ ਮਗਰੋਂ ਰਵਾਨਾ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਨੇ ਦੱਸਿਆ ਕਿ ਬਾਹਰਲੇ ਸੂਬਿਆਂ ਦੀਆਂ ਗੁਰਦੁਆਰਾ ਕਮੇਟੀਆਂ ਦੀ ਮੰਗ ’ਤੇ ਸਤਿਕਾਰ ਅਤੇ ਮਰਿਆਦਾ ਸਹਿਤ ਪਾਵਨ ਸਰੂਪ ਉੱਥੇ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਅਹਿਮਦਾਬਾਦ ਦੇ ਗੁਰਦੁਆਰਿਆਂ ’ਚ ਸਤਿਕਾਰ ਸਮਾਗਮ 4 ਤੋਂ
ਅਹਿਮਦਾਬਾਦ ਵਿੱਚ ਗੁਜਰਾਤ ਸਿੱਖ ਫਾਊਂਡੇਸ਼ਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 4 ਅਤੇ 5 ਸਤੰਬਰ ਨੂੰ ਵੱਖ-ਵੱਖ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਮਾਗਮ ਰੱਖੇ ਗਏ ਹਨ। ਇਸ ਸਮਾਗਮ ਦੌਰਾਨ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੂੰ ਪਾਵਨ ਸਰੂਪ ਦਿੱਤੇ ਜਾਣਗੇ। ਇਸੇ ਤਰ੍ਹਾਂ ਰਾਜਸਥਾਨ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਅਤੇ ਗੁਰਦੁਆਰਾ ਸ਼ਹੀਦ ਨਗਰ ਬੁੱਢਾ ਜੌਹੜ ਸ੍ਰੀ ਗੰਗਾਨਗਰ ਦੀ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੂੰ ਪਾਵਨ ਸਰੂਪ ਦਿੱਤੇ ਜਾਣਗੇ।